ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/573

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਪਾਲੋਵਨਾ, ਓਹ ਸੋਹਣੀ ਕੁੜੀ ਜਿਸ ਨਿਖਲੀਊਧਵ ਦਾ ਧਿਆਨ ਆਪਣੇ ਵਲ ਖਿਚਿਆ ਸੀ, ਉੱਠੀ ਲੰਮੀ ਤੇ ਸਿੱਧੀ । ਤੇ ਪੀਡੇ ਮਰਦਾਂ ਵਾਲੇ ਕਦਮ ਪਾਂਦੀ ਨਿਖਲੀਊਧਵ ਤੇ ਉਸ ਮੁੰਡੇ ਵਲ ਆਈ ।

"ਆਪ ਨੂੰ ਇਹ ਕੀ ਪੁਛ ਰਹਿਆ ਹੈ——ਆਪ ਕੌਣ ਹੋ ?" ਉਸ ਪੁਛਿਆ ਤੇ ਨਰਮ ਜੇਹੀ ਮੁਸਕਰਾਈ ਤੇ ਉਹਦੇ ਮੂੰਹ ਵਲ ਸਿੱਧੀ ਤੱਕਣ ਲਗ ਗਈ——ਉਹਾ ਕੋਮਲ ਤੇ ਦਿੱਖਵਾਲੀਆਂ ਅੱਖਾਂ ਇਕ ਭਰੋਸਾ ਭਰੀ ਨਿਗਾਹ ਨਾਲ ਓਸ ਵਲ ਤੱਕਣ ਲਗ ਗਈਆਂ, ਤੇ ਇਸ ਸਾਦਗੀ ਨਾਲ ਉਸ ਤੱਕਿਆ ਕਿ ਇਸ ਵਿਚ ਕੁਛ ਸ਼ੱਕ ਨਹੀਂ ਸੀ ਕੀਤਾ ਜਾ ਸਕਦਾ ਕਿ ਭਾਵੇਂ ਉਹ ਕੋਈ ਸੀ ਤੇ ਜਿਥੇ ਸੀ, ਉਹ ਹਰ ਇਕ ਨੂੰ ਭੈਣ ਦੇ ਤੁਲਯ ਲਗਦੀ ਸੀ ।

"ਇਹ ਸ਼ਤੂੰਗੜਾ ਸਭ ਕੁਛ ਜਾਣਨਾ ਚਾਹੁੰਦਾ ਹੈ," ਉਸ ਕਹਿਆ ਤੇ ਲਾਡ ਕਰਦੀ ਮੁੰਡੇ ਵਲ ਬੜੀ ਹੀ ਮਿੱਠੀ ਤੇ ਮਿਹਰਬਾਨ ਤਰਾਂ ਇਉਂ ਹੱਸੀ ਕਿ ਦੋਵੇਂ, ਓਹ ਮੁੰਡਾ ਤੇ ਨਿਖਲੀਊਧਵ , ਇਹਦੀ ਹੱਸੀ ਦੇ ਜਵਾਬ ਵਿਚ ਬਿਨਾ ਖਿੜਨ ਤੇ ਹੱਸਣ ਦੇ ਰਹਿ ਹੀ ਨਹੀਂ ਸਨ ਸਕਦੇ ।

"ਇਹ ਮੈਨੂੰ ਪੁਛਦਾ ਸੀ ਕਿ ਮੈਂ ਕਿਹਨੂੰ ਮਿਲਣ ਆਇਆ ਹਾਂ ।"

"ਮੇਰੀ ਪਾਵਲੋਵਨਾ! ਤੈਨੂੰ ਪਤਾ ਹੀ ਹੈ ਕਿ ਓਪਰਿਆਂ ਨਾਲ ਗੱਲਾਂ ਕਰਨੀਆਂ ਕਾਇਦਿਆਂ ਦੇ ਬਰਖ਼ਲਾਫ਼ ਹੈ, ਤੂੰ

੫੩੯