ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/572

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜੀ ਹੀ ਖਿੱਚੀ ਤਣੀ, ਇਹ-ਕੀ ਓਹ-ਕੀ , ਪੁੱਛਣ-ਵਾਲੀ ਹੈਰਾਨੀ ਵਿੱਚ ਬੈਠਾ ਸੀ । ਇਕ ਛੋਟਾ ਪਟਿਆਂ ਕਤਰੇ ਹੋਏ ਵਾਲਾ ਬੱਚਾ ਓਸ ਪਾਸ ਆਇਆ, ਤੇ ਉਸ ਨਾਲ ਚੀਕਨੀ ਜਿਹੀ ਆਵਾਜ਼ ਵਿੱਚ ਗੱਲ ਕਰਨ ਲੱਗਾ :———

"ਤੇ ਆਪ ਕੀਹਨੂੰ ਉਡੀਕ ਰਹੇ ਹੋ ਜੀ ?"

ਨਿਖਲੀਊਧਵ ਇਸ ਸਵਾਲ ਤੇ ਹੈਰਾਨ ਹੋਇਆ ਪਰ ਲੜਕੇ ਵਲ ਤਕ ਕੇ, ਤੇ ਉਹਦੇ ਛੋਟੇ ਜੇਹੇ ਫਿਕਰਮੰਦ ਮੂੰਹ ਨੂੰ ਤੇ ਉਹਦੀਆਂ ਅਕਲ ਵਾਲੀਆਂ ਧਿਆਨ ਲਾਣ ਵਾਲੀਆਂ ਅੱਖਾਂ ਜਿਹੜੀਆਂ ਉਸ ਵਿੱਚ ਗੱਡੀਆਂ ਸਨ ਵੇਖ ਕੇ, ਬੜੀ ਸੰਜੀਦਗੀ ਨਾਲ ਉੱਤਰ ਦਿੱਤਾ ਕਿ ਮੈਂ ਇਕ ਆਪਣੀ ਜਾਣ ਪਛਾਣ ਤੀਮੀ ਦੀ ਉਡੀਕ ਵਿੱਚ ਹਾਂ ।

"ਤਾਂ, ਕੀ ਉਹ ਤੇਰੀ ਭੈਣ ਹੈ ?" ਲੜਕੇ ਨੇ ਪੁਛਿਆ ।

"ਨ, ਮੇਰੀ ਭੈਣ ਨਹੀਂ," ਨਿਖਲੀਊਧਵ ਨੇ ਹੈਰਾਨ ਹੋਕੇ ਉੱਤਰ ਦਿੱਤਾ, "ਤੇ ਤੂੰ ਇਥੇ ਕਿਸ ਨਾਲ ਹੈਂ ?" ਉਸ ਮੁੰਡੇ ਥੀਂ ਪੁਛਿਆ ।

"ਮੈਂ ? ਮਾਂ ਨਾਲ———ਉਹ , ਇਕ ਮੁਲਕੀ ਕੈਦੀ ਹੈ," ਉਸ ਉੱਤਰ ਦਿਤਾ ।

"ਮੇਰੀ ਪਾਵਲੋਵਨਾ!! ਕੋਲਿਆ ਨੂੰ ਲੈ ਜਾ," ਇਨਸਪੈਕਟਰ ਨੇ ਕਹਿਆ, ਇਹ ਸੋਚ ਕੇ ਕਿ ਨਿਖਲੀਊਧਵ ਦਾ ਮੁੰਡੇ ਨਾਲ ਇਉਂ ਗੱਲਾਂ ਕਰਨਾ ਕਵਾਇਦ ਦੇ ਬਰਖ਼ਲਾਫ਼ ਸੀ ।

੫੩੮