ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/565

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਪਰ ਚੜ੍ਹ ਜਾਂਦੀਆਂ ਸਨ, ਤਾਂ ਵੀ ਸਾਨੂੰ ਕੋਈ ਨਹੀਂ ਸੀ ਪੁਛਦਾ । ਇਸ ਸਾਲ ਓਹ ਰਾਹਦਾਰੀਆਂ ਫੜ ਲਈਆਂ ਨੇ, ਤੇ ਸਾਨੂੰ ਕੈਦ ਪਾਇਆ ਹੋਇਆ ਨੇ । ਦੋ ਮਹੀਨੇ ਹੋ ਚੁਕੇ ਹਨ ਜਿਵੇਂ ਅਸੀ ਕੋਈ ਜੁਰਮ ਕੀਤਾ ਹੁੰਦਾ ਹੈ———ਕੋਈ ਵਾਤ ਹੀ ਨਹੀਂ ਪੁਛਦਾ ।

"ਅਸੀ ਸਾਰੇ ਰਾਜ ਹਾਂ——ਤੇ ਇਕੋ ਪੰਚਾਇਤ ਦੇ ਹਾਂ । ਸਾਨੂੰ ਕਹਿਆ ਜਾਂਦਾ ਹੈ ਕਿ ਸਾਡੇ ਸੂਬੇ ਦਾ ਜੇਲ ਜਲ ਗਿਆ ਹੈ, ਪਰ ਉਸ ਵਿੱਚ ਸਾਡਾ ਕੀ ਕੰਮ ਹੈ ? ਸਾਡੀ ਜਰੂਰ ਮਦਦ ਕਰੋ ।"

ਨਿਖਲੀਊਧਵ ਨੇ ਸੁਣ ਲਇਆ, ਪਰ ਸਮਝਿਆ ਮੁਸ਼ਕਲ ਹੀ ਹੋਊ ਕਿ ਚੰਗੀ ਸ਼ਕਲ ਵਾਲਾ ਬੁੱਢਾ ਕੀ ਕਹਿ ਰਹਿਆ ਹੈ, ਕਿਉਂਕਿ ਓਹਦੀ ਤਵੱਜੋ ਤਾਂ ਇਕ ਵਡੀ ਕਾਲੀ ਭੂਰੀ ਕਈ ਟੰਗਾਂ ਵਾਲੀ ਜੂੰ ਵਲ ਸੀ ਜਿਹੜੀ ਓਸ ਆਦਮੀ ਦੇ ਗਲ ਉੱਪਰ ਚਲ ਰਹੀ ਸੀ——— "ਇਹ ਕੀ ਹੋਇਆ ? ਕੀ ਇਹੋ ਜਿਹੇ ਸਬੱਬ ਕਰਕੇ ਬੰਦੇ ਜੇਲੀਂ ਪਾ ਛੱਡਦੇ ਹਨ ?" ਨਿਖਲੀਊਧਵ ਨੇ ਅਟੰਸਟ ਵਲ ਮੁੜਕੇ ਪੁਛਿਆ ।

"ਹਾਂ ਜੀ——ਇਨ੍ਹਾਂ ਨੂੰ ਤਾਂ ਚਰੋਕਣਾ ਭੇਜ ਦੇਣਾ ਚਾਹੀਦਾ ਸੀ——ਘਰਾਂ ਨੂੰ ਮੋੜਨਾ ਸੀ," ਅਸਟੰਟ ਨੇ ਠੰਢੀ ਤਰ੍ਹਾਂ ਉੱਤਰ ਦਿੱਤਾ, "ਪਰ ਇਨ੍ਹਾਂ ਦੀ ਗੱਲ ਅਫਸਰਾਂ ਨੂੰ ਪਤਾ ਨਹੀਂ, ਭੁੱਲ ਗਈ ਹੈ ਕਿ ਕੀ ?"

੫੩੧