ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/558

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਅਜੀਬ ਗਲ ਲੱਗੀ । ਨਿਖਲੀਊਧਵ ਸੁਣੀ ਗਇਆਂ ਨਾਲੇ ਆਲੇ ਦੁਆਲੇ ਵੇਖੀ ਗਇਆ । ਉਹ ਉਹਦਾ ਨੀਵਾਂ ਜੇਹਾ ਬਿਸਤਰਾ ਜਿਸ ਉਪਰ ਭੋਹ ਦੀ ਤਲਾਈ ਪਈ ਸੀ, ਉਹ ਖਿੜਕੀ ਜਿਹਨੂੰ ਮੋਟੀਆਂ ਲੋਹੇ ਦੀਆਂ ਸੀਖਾਂ ਲੱਗੀਆਂ ਹੋਈਆਂ ਸਨ, ਉਹ ਮੈਲੀ ਗਿੱਲੀ ਕੰਧ——ਤੇ ਇਸ ਕਿਸਮਤ ਦੇ ਤਰਸ ਜੋਗ ਸ਼ਕਲ ਤੇ ਬਿਗੜੇ ਰੂਪ ਕਿਰਸਾਨ ਦੇ ਮੂੰਹ ਵਲ ਵੇਖਦਾ ਸੀ, ਜਿਹਨੇ ਆਪਣਾ ਜੇਲ ਦਾ ਔਵਰਕੋਟ ਤੇ ਜੇਲ ਦੀਆਂ ਜੁੱਤੀਆਂ ਪਾਈਆਂ ਹੋਈਆਂ ਸਨ; ਤੇ ਸੁਣ ਸੁਣ ਉਹ ਉਦਾਸ ਤੇ ਹੋਰ ਉਦਾਸ ਹੁੰਦਾ ਚਲਾ ਜਾ ਰਹਿਆ ਸੀ, ਤੇ ਉਹਨੂੰ ਇਹ ਉਸ ਵੇਲੇ ਚਾਹ ਰਹਿਆ ਸੀ ਕਿ ਜੋ ਕੁਛ ਇਹ ਕਰ ਰਹਿਆ ਹੈ 'ਸ਼ਾਲਾ ਕੂੜ ਹੀ ਹੋਵੇ ।' ਇਹ ਸੋਚਣਾ ਉਸ ਲਈ ਡਰਾਉਣਾ ਸੀ ਕਿ ਇਸ ਦੁਨੀਆਂ ਵਿਚ ਐਸੇ ਕੋਈ ਲੋਕੀ ਹਨ ਜਿਹੜੇ ਇਹੋ ਜੇਹੀ ਗਲ ਕਰ ਸਕਦੇ ਹਨ ਕਿ ਇਕ ਆਦਮੀ ਨੂੰ ਬਿਨਾ ਵੱਜਾ ਤੇ ਸਵਾਏ ਇਸ ਇਕ ਵੱਜਾ ਦੇ ਕਿ ਉਹਨੂੰ ਆਪ ਨੂੰ ਜ਼ਰਬ ਲੱਗੀ ਹੈ, ਫੜ ਲੈਂਦੇ ਹਨ । ਮੁਜਰਿਮਾਂ ਵਾਲੇ ਕਪੜੇ ਪਵਾ ਦਿੰਦੇ ਹਨ ਤੇ ਇਹੋ ਜੇਹੀ ਭਿਆਨਕ ਥਾਂ ਵਿਚ ਲਿਆ ਕੇ ਡੱਕ ਦਿੰਦੇ ਹਨ । ਉਸ ਨੂੰ ਇਹ ਖਿਆਲ ਹੋਰ ਵੀ ਵਧੇਰਾ ਡਰਾਉਣਾ ਲਗ ਰਹਿਆ ਸੀ, ਕਿ ਇਹ ਦਿਸ ਰਹੀ ਸੱਚੀ ਕਹਾਣੀ, ਐਸੇ ਬੀਬੇ ਚੰਗੇ ਮੂੰਹ ਦੀ ਆਪਣੀ ਜ਼ਬਾਨੀ, ਬਸ ਉਹਦਾ ਬਣਾਇਆ ਇਕ ਝੂਠ ਤੇ ਇਕ ਮਨ ਘੜਿਤ ਕਹਾਣੀ ਹੈ !! ਹਾਏ ! ਕਹਾਣੀ ਇਹ ਸੀ———ਇਹਦੇ ਵਿਆਹ ਦੇ ਥੋੜੇ ਚਿਰ ਮਗਰੋਂ ਇਹਦੇ ਗਰਾਂ ਦੀ ਸਰਾਂ ਰੱਖਣ ਵਾਲੇ ਨੇ ਇਹਦੀ ਜਵਾਨ ਵਹੁਟੀ ਬਦਰਾਹ ਲਈ ਸੀ । ਇਹਨੇ ਹਰ ਥਾਂ ਯਤਨ ਕੀਤਾ ਕਿ ਇਹਦਾ ਕੋਈ ਨਿਆਂ ਕਰੇ,

੫੨੪