ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/557

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀਆਂ ਸਨ ਤੇ ਵਾਰੀ ਵਾਰੀ ਦੀ ਉਸ ਵਲ, ਕਦੀ ਜੇਲਰ ਵਲ, ਕਦੀ ਅਸਟੰਟ ਵਲ ਤਕਦੀਆਂ ਸਨ, ਤੇ ਮੁੜ ਮੁੜ ਉਹ ਨਿਗਾਹਾਂ ਉਸੀ ਚੱਕਰ ਵਿਚ ਫਿਰ ਰਹੀਆਂ ਸਨ ।

"ਇਹ ਇਕ ਭਲਾ ਪੁਰਖ ਆਇਆ ਹੈ ਜਿਹੜਾ ਤੇਰੀ ਬਾਬਤ ਪੁਛ ਗਿਛ ਕਰਨਾ ਚਾਹੁੰਦਾ ਹੈ ।"

"ਆਪ ਦਾ ਬੜਾ ਸ਼ੁਕਰ ਹੈ ।"

"ਹਾਂ, ਮੈਨੂੰ ਤੇਰੀ ਬਾਬਤ ਕਿਸੇ ਕਹਿਆ ਹੈ," ਕੋਠੜੀ ਥੀਂ ਪਾਰ ਸਿੱਧਾ ਖਿੜਕੀ ਪਾਸ ਜਾ ਕੇ ਨਿਖਲੀਊਧਵ ਨੇ ਕਿਹਾ———"ਤੇ ਮੈਂ ਆਪ ਤੇਰੇ ਮੁਕੱਦਮੇ ਦੀ ਸਾਰੀ ਗਲ ਤੇਰੇ ਮੂੰਹ ਥੀਂ ਸੁਣਨਾ ਚਾਹੁੰਦਾ ਹਾਂ ।"

ਮੈਨਸ਼ੋਵ ਭੀ ਖਿੜਕੀ ਪਾਸ ਹੀ ਆ ਗਇਆ, ਤੇ ਝਟਾਪਟ ਉਸ ਨੇ ਆਪਣੀ ਕਹਾਣੀ ਕਹਿਣੀ ਸ਼ੁਰੂ ਕਰ ਦਿਤੀ । ਪਹਿਲਾਂ ਤਾਂ ਇਨਸਪੈਕਟਰ ਦੇ ਅਸਟੰਟ ਵਲ ਕੁਛ ਸ਼ਰਮ ਖਾ ਕੇ ਵੇਖਦਾ ਸੀ ਪਰ ਹੋਲੋਂ ਹੋਲੇਂ ਉਹ ਵਧੇਰੇ ਦਲੇਰ ਹੋ ਗਇਆ । ਜਦ ਅਸਟੰਟ ਕੋਠੜੀਓ ਬਾਹਰ ਕੌਰੀਡੋਰ ਵਿਚ ਕੋਈ ਹੁਕਮ ਦੇਣ ਤਰ ਗਇਆ, ਉਹ ਨੌਜਵਾਨ ਬਿਲਕੁਲ ਹੀ ਦਲੇਰ ਹੋ ਗਇਆ । ਕੈਦੀ ਨੇ ਆਪਣੀ ਕਹਾਣੀ ਇਕ ਬੜੇ ਮਾਮੂਲੀ, ਨੇਕ ਕਿਸਾਨ ਲੜਕੇ ਦੀ ਬੋਲੀ ਤੇ ਲਹਿਜ਼ੇ ਤੇ ਸਾਦਗੀ ਵਿਚ ਕਹਿ ਸੁਣਾਈ । ਕੈਦੀ ਦੇ ਮੂੰਹੋਂ, ਜਿਸ ਇਹੋ ਜੇਹੇ ਰਸਾਤਲ ਵਿਚ ਢਾਹ ਦੇਣ ਵਾਲੇ ਕਪੜੇ ਪਾਏ ਹੋਏ ਸਨ, ਉਥੇ ਜੇਲ ਅੰਦਰ ਉਹਦੀ ਕਹਾਣੀ ਇਉਂ ਸੁਣਨਾ, ਨਿਖਲੀਊਧਵ ਨੂੰ ਬੜੀ

੫੨੩