ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/549

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕੀ ਇਹ ਮੁਮਕਿਨ ਹੈ ?"

"ਹਾਂ ਜੀ——ਇਹੋ ਹੈ——ਮੈਨੂੰ ਮਜਬੂਰਨ ਸਖਤੀ ਕਰਨੀ ਪਈ ਤੇ ਓਹਨੂੰ ਇਕੱਲ ਕੋਠੜੀ ਵਿੱਚ ਡੁੱਕਣਾ ਪਇਆ——ਆਮ ਤੌਰ ਤੇ ਤਾਂ ਓਹ ਸ਼ਾਂਤ ਤੀਮੀਂ ਹੈ, ਪਰ ਮਿਹਰਬਾਨੀ ਕਰਕੇ ਓਹਨੂੰ ਰੁਪੈ ਨ ਦਿੱਤਾ ਕਰੋ ਇਹ ਲੋਕੀ ਐਸੇ ਵੈਸੇ..............."

ਜੋ ਪਿਛਲੇ ਦਿਨ ਬੀਤੀ ਸੀ ਸਾਫ ਤਰਾਂ ਸਾਹਮਣੇ ਓਹਦਾ ਨਕਸ਼ਾ ਬਝ ਗਇਆ ਤੇ ਨਿਖਲੀਊਧਵ ਨੂੰ ਮੁੜ ਡਰ ਜਿਹਾ ਲੱਗ ਗਇਆ ।

"ਤੇ ਦੁਖੋਵਾ, ਇਕ ਮੁਲਕੀ ਕੈਦਨ, ਕੀ ਮੈਂ ਓਹਨੂੰ ਮਿਲ ਸੱਕਦਾ ਹਾਂ ?"

"ਹਾਂ ਜੇ ਆਪ ਚਾਹੋ," ਇਨਸਪੈਕਟਰ ਨੇ ਕਹਿਆ । "ਹੁਣ ਤੂੰ ਫਿਰ ਕੀ ਚਾਹਨੀ ਏਂ," ਉਸਨੇ ਇਕ ਪੰਜ ਛੇ ਸਾਲ ਦੀ ਲੜਕੀ ਨੂੰ ਕਹਿਆ ਜਿਹੜੀ ਅੰਦਰ ਆ ਵੜੀ ਸੀ ਤੇ ਆਪਣੇ ਬਾਪੂ ਵਲ ਆ ਰਹੀ ਸੀ, ਪਰ ਆਪਣਾ ਸਿਰ ਚੁਕ ਕੇ ਓਹਨੇ ਆਪਣੀਆਂ ਅੱਖਾਂ ਨਿਖਲੀਊਧਵ ਵਿੱਚ ਗੱਡੀਆਂ ਹੋਈਆਂ ਸਨ । "ਲੈ ਹੁਣ ਤੂੰ ਢਹਿਣ ਲੱਗੀ ਸੈਂ," ਇਨਸਪੈਕਟਰ ਨੇ ਹੱਸ ਕੇ ਕਹਿਆ, ਕਿਉਂਕਿ ਜਿਵੇਂ ਹੀ ਓਹ ਛੋਟੀ ਲੜਕੀ ਓਸ ਵਲ ਦੌੜਦੀ ਆ ਰਹੀ ਸੀ, ਤੇ ਇਹ ਨਹੀਂ ਸੀ ਤਕਦੀ ਕਿਧਰ ਜਾ ਰਹੀ ਹੈ, ਉਹਦਾ ਪੈਰ ਇਕ ਕੰਬਲ ਜੇਹੇ ਵਿੱਚ ਅੜ ਗਇਆ ਸੀ ।

"ਅੱਛਾ———ਜੇ ਮੈਂ ਉਹਨੂੰ ਮਿਲ ਸੱਕਦਾ ਹਾਂ ਤਾਂ ਮੈਂ ਜਾਵਾਂ ?"

੫੧੫