ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/535

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਰਿੱਛਾਂ ਦੀਆਂ ਗੱਲਾਂ ਛੇੜ ਦਿੰਦਾ ਹੈ ਜਿਹੜੇ ਆਪਣੀਆਂ ਲੁਕੀਆਂ———ਗੁਫਾ ਵਿਚ ਸੈਂ ਰਹੇ ਹਨ, ਤੇ ਜਿਥੋਂ ਉਨ੍ਹਾਂ ਦੇ ਸਵਾਸਾਂ ਦੀਆਂ ਗਰਮ ਹਵਾੜਾਂ ਨਿਕਲ ਰਹੀਆਂ ਹਨ ।

ਇਹ ਸਭ ਕੁਛ ਨਿਖਲੀਊਧਵ ਦੇ ਚੇਤੇ ਆ ਰਹਿਆ ਸੀ । ਪਰ ਸਭ ਥੀਂ ਵਧ ਉਸ ਅਰੋਗਤਾ, ਤਾਕਤ ਤੇ ਆਜ਼ਾਦੀ ਤੇ ਫਿਕਰਾਂ ਥੀਂ ਅਤੀਤ ਜੀਵਨ ਦੀ ਅਨੰਦ———ਭਰੀ ਸੁਨਸੁਨੀ ਉਸ ਵਿਚ ਚਲ ਰਹੀ ਸੀ———ਉਹ ਫਿਫੜਿਆਂ ਦਾ ਯਖ——ਠੰਡੀ ਹਵਾ ਦਾ ਸਾਹ ਭਰਨਾ ਤੇ ਪੋਸਤੀਨਾਂ ਦਾ ਉਭਰ ਪਈਆਂ ਛਾਤੀਆਂ ਉਪਰ ਖਿਚ ਕੇ ਤੰਗ ਹੋ ਜਾਣਾ । ਉਹ ਨੀਵੀਆਂ ਹੋਈਆਂ ਟਹਿਣੀਆਂ ਥੀਂ ਉਹਦੇ ਮੂੰਹ ਉਪਰ ਢਹ ਢਹ ਪੈਂਦੀ ਬਾਰੀਕ ਬਰਫ, ਉਹਦਾ ਜਿਸਮ ਨਿੱਘਾ, ਉਹਦਾ ਚਿਹਰਾ ਤਾਜ਼ਾ, ਤੇ ਉਹਦਾ ਰੂਹ ਫਿਕਰਾਂ ਥੀਂ, ਆਪੇ ਨੂੰ ਮਲਾਮਤਾਂ ਕਰਨ ਥੀਂ, ਡਰ ਥੀਂ,ਖਾਹਿਸ਼ਾਂ ਥੀਂ ਆਜ਼ਾ———ਕੇਹਾ ਸੋਹਣਾ ਸੀ, ਤੇ ਹੁਣ ਓ ਰਬਾ———ਇਹ ਕੇਹਾ ਤਸੀਹਾ ਤੇ ਕੇਹਾ ਦੁਖ !

ਸਾਫ ਸੀ ਕਿ ਵੇਰਾ ਦੁਖੋਵਾ ਬਾਦਸ਼ਾਹੀ ਦੇ ਵਿਰੁੱਧ ਰੈਵੋਲਿਊਸ਼ਨਿਸਟ ਸੀ, ਸੋ ਇਸ ਅਪਰਾਧ ਵਿਚ ਕੈਦ ਸੀ । ਨਿਖਲੀਊਧਵ ਨੂੰ ਉਸ ਕੀ ਜ਼ਰੂਰੀ ਮਿਲਣਾ ਚਾਹੀਏ । ਖਾਸ ਕਰ ਇਸ ਲਈ ਵੀ ਕਿ ਉਸ ਨੇ ਮਸਲੋਵਾ ਬਾਬਤ ਕੋਈ ਗਲ ਦਸਣ ਨੂੰ ਕਹਿਆ ਹੈ ।

੫੦੧