ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/534

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵੇਲੇ ਅਜ ਉਹ ਸਾਰੀ ਗਲ ਚੇਤੇ ਕਰਨੀ ਉਹਨੂੰ ਮਨੋ ਹਲੋਰਾ ਦਿੰਦੀ ਸੀ, ਤੇ ਨਾਲੇ ਇਹ ਯਾਦ ਕਰਨਾ ਚੰਗਾ ਲਗਦਾ ਸੀ ਕਿ ਕਿਸ ਤਰਾਂ ਉਹ ਇਕ ਅਫਸਰ ਨਾਲ ਲੜ ਪਇਆ ਸੀ ਜਿਹੜਾ ਇਸ ਗੱਲ ਦਾ ਮਖੋਲ ਬਣਾਉਣਾ ਚਾਹੁੰਦਾ ਸੀ ਤੇ ਕਿਸ ਤਰਾਂ ਦੂਜੇ ਦੋਸਤ ਨੇ ਉਹਦਾ ਸਾਥ ਦਿੱਤਾ ਸੀ ਤੇ ਕਿਸ ਤਰਾਂ ਇਨ੍ਹਾਂ ਦੋਹਾਂ ਵਿਚ ਇਸ ਕਰਕੇ ਹੋਰ ਵੀ ਜੋੜਵੀਂ ਦੋਸਤੀ ਪੈ ਗਈ ਸੀ । ਉਹ ਸ਼ਿਕਾਰ ਦੀ ਸਾਰੀ ਮੁਹਿਮ ਕੈਸੀ ਕਾਮਯਾਬ ਹੋਈ ਸੀ ਤੇ ਉਹ ਉਸ ਰਾਤ ਜਦ ਰੇਲ ਦੇ ਸਟੇਸ਼ਨ ਵਲ ਮੁੜ ਰਹੇ ਸਨ ਕਿੰਨੇ ਖੁਸ਼ ਸਨ................

ਉਹ ਬਰਫ ਉਪਰ ਬਿਨਾ ਪਹੀਏ ਧ੍ਰੀਕਣ ਵਾਲੀਆਂ ਗਡੀਆਂ, ਸਲੈਜਾ ਦੀਆਂ ਕਤਾਰਾਂ, ਉਹ ਘੋੜੀਆਂ ਵਾਲੀਆਂ ਸ਼ਿਕਰਮਾਂ, ਜੰਗਲ ਵਿਚ ਦੀ ਤੰਗ ਰਾਹਾਂ ਉਪਰ ਕਿੰਝ ਰਿੜ੍ਹਦੀਆਂ ਆਉਂਦੀਆਂ ਹਨ, ਹੁਣ ਉੱਚੇ ਦਰਖਤਾਂ ਦੇ ਵਿਚ ਦੀ, ਤੇ ਮੁੜ ਨੀਵੇਂ ਫਰ ਦੇ ਬਿੱਛਾਂ ਵਿਚ ਦੀ ਜਿਨ੍ਹਾਂ ਦੀਆਂ ਟਹਣੀਆਂ ਉਪਰ ਭਾਰੀ ਭਾਰੀ ਟੁਕੜੇ ਕੋਰੇ ਨਾਲ ਜਮੀ ਬਰਫ ਦੇ ਪਏ ਉਨ੍ਹਾਂ ਨੂੰ ਨਿਵਾ ਰਹੇ ਹਨ———ਤੇ ਹਨੇਰੇ ਵਿਚ ਇਕ ਲਾਲ ਚੰਗਾਰਾ ਜੇਹਾ ਹੁੰਦਾ ਹੈ———ਉਹ ਕਿਸੇ ਆਪਣੀ ਸਿਗਰਿਟ ਬਾਲੀ ਹੈ । ਜੋਸੈਫ ਇਕ ਰਿੱਛਾਂ ਦਾ ਹਾਕਾ, ਕਿੰਝ ਇਕ ਰੇਹੜੀ ਥੀਂ ਦੂਜੀ ਉਪਰ ਬਰਫ ਵਿਚ ਗੋਡੀਆਂ ਤਕ ਡੁੱਬਾ ਛਾਲ ਮਾਰ ਜਾਂਦਾ ਹੈ ਤੇ ਸਲੈਜਾਂ ਨੂੰ ਠੀਕ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਏਲਕ ਹਿਰਨ ਡੂੰਘੀ ਬਰਫ ਵਿਚ ਜਾ ਰਹੇ ਹਨ ਤੇ ਸੁਫੈਦੀਆਂ ਦੀ ਛਾਲ ਦੰਦਾਂ ਨਾਲ ਲਾਹ ਕੇ ਖਾ ਰਹੇ ਹਨ, ਤੇ

੫੦੦