ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/533

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝ ਗਇਆ ਤੇ ਹਮਦਰਦ ਹੋ ਗਇਆ ।

"ਮੈਂ ਆਪ ਲਈ ਕੀ ਕਰ ਸਕਦਾ ਹਾਂ ! ਕੋਈ ਸੇਵਾ ?"

"ਮੈਂ ਉਸਤਾਨੀ ਹਾਂ ਪਰ ਮੇਰਾ ਜੀ ਕਰਦਾ ਹੈ ਕਿ ਮੈਂ ਯੂਨੀਵਰਸਟੀ ਦੀ ਪੜ੍ਹਾਈ ਕਰ ਸਕਾਂ । ਪਰ ਇਉਂ ਮੈਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਮਿਲਦੀ । ਇਹ ਗੱਲ ਨਹੀਂ ਕਿ ਕੋਈ ਮੈਨੂੰ ਆਗਿਆ ਨਹੀਂ ਦਿੰਦਾ ਪਰ ਇਹ ਕਿ ਮੇਰੇ ਪਾਸ ਦਮੜੇ ਨਹੀਂ ਹਨ । ਤੁਸੀ ਮੈਨੂੰ ਦਮੜੇ ਦਿਓ ਤੇ ਜਦ ਮੈਂ ਪੜ੍ਹ ਚੁਕਾਂਗੀ ਮੈਂ ਆਪ ਨੂੰ ਮੁਕਾ ਦੇਵਾਂਗੀ । ਮੈਂ ਸੋਚ ਰਹੀ ਸਾਂ ਕਿ ਅਮੀਰ ਰਿੱਛਾਂ ਨੂੰ ਮਾਰਦੇ ਹੋ ਤੇ ਕਿਸਾਨਾਂ ਗਰੀਬਾਂ ਨੂੰ ਸ਼ਰਾਬ ਪੀਣ ਨੂੰ ਦਿੰਦੇ ਹੋ | ਇਹ ਮਾੜੀਆਂ ਗੱਲਾਂ ਹਨ । ਤੁਸੀ ਨੇਕੀ ਕਿਉਂ ਨਹੀਂ ਕਰਦੇ ? ਮੈਨੂੰ ਤਾਂ ਸਿਰਫ ੮੦) ਰੂਬਲ ਬਸ ਹਨ । ਪਰ ਜੇ ਆਪ ਦਾ ਚਿੱਤ ਨ ਕਰੇ ਤਾਂ ਵੀ ਚੰਗਾ," ਉਸ ਜ਼ਰਾ ਖ਼ਫ਼ਗੀ ਜੇਹੀ ਨਾਲ ਕਿਹਾ ।

"ਉਲਟੀ ਗੱਲ———ਮੈਂ ਤਾਂ ਇਸ ਮੌਕੇ ਲਈ ਜੋ ਆਪ ਨੇ ਦਿੱਤਾ ਹੈ ਬੜਾ ਧੰਨਵਾਦੀ ਹਾਂ । ਮੈਂ ਹੁਣੇ ਰੁਪੈ ਲਿਆ ਦਿਆਂਗਾ," ਨਿਖਲੀਊਧਵ ਬੋਲਿਆ।

ਉਹ ਬਾਹਰ ਲਾਂਘੇ ਵਿਚ ਦੀ ਗਇਆ ਤੇ ਉਥੇ ਇਕ ਆਪਣੇ ਸਾਥੀ ਨੂੰ ਮਿਲਿਆ ਜਿਹੜਾ ਉਨ੍ਹਾਂ ਦੀਆਂ ਗੱਲਾਂ ਸੁਣ ਰਹਿਆ ਸੀ । ਉਹਦੇ ਠੱਠੇ ਦੀ ਪ੍ਰਵਾਹ ਨਾ ਕਰਦੇ ਹੋਏ, ਉਹਨੇ ਬਟੂਏ ਵਿਚੋਂ ਰੁਪੈ ਕੱਢ ਕੇ ਦੇ ਦਿਤੇ ਤੇ ਕਹਿਆ, "ਆਪ ਕਿਰਪਾ ਕਰਕੇ ਮੇਰਾ ਸ਼ੁਕਰ ਨ ਪਏ ਕਰੋ, ਮੈਨੂੰ ਸਗੋਂ ਆਪ ਦਾ ਸ਼ੁਕਰ ਕਰਨਾ ਚਾਹੀਏ।"

੪੯੯