ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/532

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣਾ ਮੂੰਹ ਪੂੰਝ ਕੇ ਤੇ ਇਸ ਹੈਰਾਨੀ ਵਿੱਚ ਕਿ ਡੀਕਨ ਦੀ ਲੜਕੀ ਨਾਲ ਉਹਦਾ ਕੀ ਕੰਮ ਹੋ ਸਕਦਾ ਹੈ, ਉਹ ਆਪਣੇ ਮੇਜ਼ਬਾਨ ਦੇ ਨਿਜ ਦੇ ਘਰ ਗਇਆ———ਉਥੇ ਇਕ ਲੜਕੀ ਪੱਟੂ ਦੀ ਟੋਪੀ ਤੇ ਇਕ ਗਰਮ ਵੱਡਾ ਕੋਟ ਪਾਈ ਬੈਠੀ ਸੀ । ਸਿਰਫ ਉਹਦੀਆਂ ਅੱਖਾਂ ਜਿਨ੍ਹਾਂ ਉੱਪਰ ਮਿਹਰਾਬੀ ਭਰਵੱਟੇ ਸਨ, ਬੜੀਆਂ ਸੋਹਣੀਆਂ ਸਨ ।

"ਲੌ ਮਿਸ ਸਾਹਿਬਾ ! ਆਪ ਨਾਲ ਗਲ ਕਰੋ," ਘਰ ਦੀ ਬੁੱਢੀ ਮਾਲਕਾ ਨੇ ਕਹਿਆ, "ਇਹ ਸ਼ਾਹਜ਼ਾਤਾ ਸਾਹਿਬ ਆਪ ਹਨ, ਮੈਂ ਇੰਨਾ ਚਿਰ ਬਾਹਰ ਜਾਂਦੀ ਹਾਂ ।"

"ਮੈਂ ਆਪ ਲਈ ਕੀ ਸੇਵਾ ਕਰ ਸਕਦਾ ਹਾਂ ? ਨਿਖਲੀਊਧਵ ਨੇ ਪੁੱਛਿਆ ।

"ਮੈਂ..........ਮੈਂ........ਮੈਂ ਸੁਣਿਆ ਹੈ ਤੁਸੀ ਅਮੀਰ ਹੋ ਤੇ ਤੁਸੀ ਫਜ਼ੁਲੀਆਤ ਉੱਪਰ ਰੁਪੈ ਸੁੱਟ ਖਾਂਦੇ ਹੋ———ਸ਼ਿਕਾਰ ਉੱਪਰ———" ਕੁੜੀ ਨੇ ਕਹਿਣਾ ਸ਼ੁਰੂ ਕੀਤਾ, ਪਰ ਬੜੀ ਘਬਰਾਹਟ ਜੇਹੀ ਵਿਚ———"ਮੈਂ ਜਾਣਦੀ ਹਾਂ......ਮੈਨੂੰ ਇਕ ਚੀਜ਼ ਦੀ ਲੋੜ ਹੈ....ਇਸ ਲਈ ਕਿ ਮਖ਼ਲੂਕ ਦੀ ਮੈਂ ਕੋਈ ਸੇਵਾ ਕਰਨ ਜੋਗ ਹੋ ਸਕਾਂ ਪਰ ਮੈਂ ਕੁਛ ਕਰ ਨਹੀਂ ਸੱਕਦੀ ਕਿਉਂਕਿ ਮੈਨੂੰ ਹਾਲੇ ਕੁਛ ਇਲਮ ਹਾਸਲ ਨਹੀਂ" । ਉਹਦੀਆਂ ਅੱਖਾਂ ਇੰਨੀਆਂ ਸਚਭਰੀਆਂ ਤੇ ਇੰਨੀਆਂ ਨਰਮੀ-ਭਰੀਆਂ ਸਨ ਤੇ ਉਹਦੇ ਕੱਚੇ ਪੱਕੇ ਪਰ ਸ਼ਰਮੀਲੇ ਮੂੰਹ ਦਾ ਰੰਗ ਇੰਨਾ ਅਸਰ ਪਾਣ ਵਾਲਾ ਸੀ ਕਿ ਨਿਖਲੀਊਧਵ ਜਿਸ ਤਰਾਂ ਸਦਾ ਉਸ ਨਾਲ ਹੁੰਦਾ ਸੀ, ਝਟ ਪਟ ਉਹਦੀ ਥਾਂ ਆਪ ਹੋ ਕੇ ਉਹਦੀ ਮੁਸ਼ਕਲ ਨੂੰ ਮਹਸੂਸ ਕੀਤਾ,

੪੯੮