ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/523

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜ਼ਰਾ ਸ਼ਾਂਤ ਹੋਣ ਦਾ ਯਤਨ ਕਰੋ," ਓਸ ਕਹਿਆ ।

"ਮੈਂ ਕਿਉਂ ਸ਼ਾਂਤ ਹੋਵਾਂ ? ਕੀ ਆਪ ਮੰਨਦੇ ਹੋ ਕਿ ਮੈਂ ਨਸ਼ੱਈ ਹੋਈ ਹੋਈ ਹਾਂ ? ਮੈਂ ਨਸ਼ੇ ਵਿੱਚ ਹਾਂ, ਪਰ ਮੈਨੂੰ ਪਤਾ ਹੈ ਕਿ ਮੈਂ ਕੀ ਕਹਿ ਰਹੀ ਹਾਂ।" ਉਸ ਜਲਦੀ ਨਾਲ ਕਹਿਆ ਤੇ ਉਹਦਾ ਮੂੰਹ ਲਾਲ ਹੋ ਗਇਆ "ਮੈਂ ਇਕ ਕੈਦੀ ਹਾਂ, ਇਕ ਵੈਸਿਆ ਹਾਂ ਤੇ ਆਪ ਇਕ ਭਲੇ ਪੁਰਖ ਹੋ———ਸ਼ਾਹਜ਼ਾਦੇ ਹੋ, ਆਪ ਨੂੰ ਕੋਈ ਲੋੜ ਨਹੀਂ ਕਿ ਆਪ ਮੇਰੇ ਨਾਲ ਭਿਟ ਕੇ ਆਪਣੇ ਆਪ ਨੂੰ ਗੰਦਾ ਕਰੋ, ਆਪ ਆਪਣੀਆਂ ਸ਼ਾਹਜ਼ਾਦੀਆਂ ਪਾਸ ਜਾਓ, ਮੇਰਾ ਮੁਲ ਤਾਂ ਬਸ ਦਸ ਰੂਬਲ ਹੈ ।"

"ਭਾਵੇਂ ਕਿੰਨੀ ਬੇਤਰਸੀ ਨਾਲ ਤੂੰ ਬੋਲੇਂ———ਤੂੰ ਓਹ ਹਾਲ ਨਹੀਂ ਦਸ ਸਕਦੀ ਜੋ ਮੇਰੇ ਅੰਦਰ ਗੁਜ਼ਰ ਰਹਿਆ ਹੈ," ਤਾਂ ਸਾਰਾ ਕੰਬਦੇ ਕੰਬਦੇ ਨੇ ਕਹਿਆ, "ਤੈਨੂੰ ਤਾਂ ਚਿਤਵਨੀ ਨਹੀਂ ਹੋ ਸਕਦੀ ਕਿ ਕਿਸ ਹਦ ਤਕ ਮੈਂ ਆਪਣੇ ਆਪ ਨੂੰ ਤੇਰੀ ਵਲੋਂ ਦੋਸ਼ੀ ਸਮਝਦਾ ਹਾਂ ।"

"ਆਪ ਦੋਸ਼ੀ ਸਮਝਦੇ ਹੋ!" ਉਹਦੀ ਨਕਲ ਉਤਾਰ ਕੇ ਉਹਨੇ ਦੁਹਰਾਇਆ, "ਆਪ ਨੂੰ ਤਦ ਤਾਂ ਓਸ ਵੇਲੇ ਇਹ ਦਰਦ ਨ ਆਇਆ ਤੇ ਮੇਰੀ ਵਲ ੧੦੦) ਰੂਬਲ ਵਗਾਹ ਕੇ ਸੁੱਟੇ......... ਆਹ ਲੈ ਤੂੰ ਆਪਣਾ ਮੁੱਲ ! ਬਸ ਕਿ ਹੋਰ ਕੁਛ !"

"ਮੈਂ ਜਾਣਦਾ ਹਾਂ, ਪਰ ਹੁਣ ਕੀ ਹੋ ਸਕਦਾ ਹੈ ?" ਨਿਖਲੀਊਧਵ ਨੇ ਕਹਿਆ, "ਮੈਂ ਫੈਸਲਾ ਕਰ ਲਇਆ ਹੈ ਕਿ ਤੈਨੂੰ ਮੈਂ ਕਦੀ ਨਹੀਂ ਛੱਡਾਂਗਾ ਤੇ ਮੈਂ ਜੋ ਕੁਛ ਕਹਿਆ ਹੈ ਕਰ ਦਿਖਾਵਾਂਗਾ।"

"ਤੇ ਮੈਂ ਕਹਿਨੀ ਹਾਂ ਆਪ ਨਹੀਂ ਕਰੋਗੇ," ਓਸ ਕਹਿਆ

੪੮੯