ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/522

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਕਹਿਆ ਸੀ ਕਿ ਮੈਂ ਤੇਰੇ ਪਾਸੋਂ ਮਾਫੀ ਮੰਗਣ ਆਇਆ ਹਾਂ, ਮੈਨੂੰ ਮਾਫ ਕਰ ਦਿਓ"———ਓਸ ਸ਼ੁਰੂ ਹੀ ਕੀਤਾ ।

"ਉਹਦਾ ਕੀ ਫਾਇਦਾ ਹੈ ?———ਮਾਫ਼ ਕਰ ਦਿਓ———ਮਾਫ਼ ਕਰ ਦਿਓ, ਇਹਦਾ ਕੀ ਗੁਣ ?..............ਆਪ ਚੰਗਾ ਹੋਵੇ............."

"ਆਪਣੇ ਆਪ ਨੂੰ ਸਹੀ ਕਰਨ ਲਈ ਮੈਂ ਪੱਕਾ ਇਰਾਦਾ ਕਰ ਲਇਆ ਹੈ ਤੇ ਨਿਰੇ ਲਫਜ਼ਾਂ ਨਾਲ ਨਹੀਂ ਮੈਂ ਮਾਫ਼ੀ ਮੰਗਦਾ ਹਾਂ, ਮੈਂ ਤਾਂ ਇਰਾਦਾ ਕਰ ਲਇਆ ਹੈ ਕਿ ਤੇਰੇ ਨਾਲ ਵਿਆਹ ਕਰ ਲਵਾਂਗਾ ।"

ਮਸਲੋਵਾ ਦੇ ਮੂੰਹ ਤੇ ਡਰ ਛਾ ਗਇਆ———ਉਹਦੀ ਮੰਦ ਮੰਦ ਭੈਂਗ ਵਾਲੀ ਅੱਖ ਉਸ ਉੱਪਰ ਲੱਗੀ ਰਹੀ, ਪਰ ਇੰਝ ਸੀ ਜਿਵੇਂ ਉਹ ਉਸ ਵਲ ਨਹੀਂ ਸੀ ਦੇਖ ਰਹੀ ।

"ਉਹ ਕਿਸ ਲਈ ?" ਇਕ ਗੁਸੇ ਵਾਲੀ ਤਿਉੜੀ ਪਾਕੇ ਉਹ ਬੋਲੀ ।

"ਮੈਂ ਮਹਿਸੂਸ ਕਰਦਾ ਹਾਂ ਕਿ ਰੱਬ ਅੱਗੇ, ਇਉਂ ਕਰਨਾ ਮੇਰਾ ਧਰਮ ਹੈ ।"

ਕਿਹੜਾ ਰੱਬ ਹੁਣ ਆਪ ਨੂੰ ਲੱਭ ਪਇਆ ਹੈ ? ਆਪ ਇਸ ਵੇਲੇ ਅਕਲ ਦੀ ਗੱਲ ਨਹੀਂ ਕਰ ਰਹੇ ਹੋ, ਰੱਬ ਬੇਸ਼ਕ !! ਕਿਹੜਾ ਰੱਬ ? ਆਪ ਨੂੰ ਰੱਬ ਉਸ ਵੇਲੇ ਯਾਦ ਕਰਨਾ ਚਾਹੀਦਾ ਸੀ," ਉਸ ਕਹਿਆ ਤੇ ਚੁਪ ਹੋ ਗਈ, ਮੂੰਹ ਉਹਦਾ ਖੁੱਲ੍ਹਾ ਹੀ ਰਹਿ ਗਇਆ ਸੀ ਤੇ ਹੁਣੇ ਹੀ ਨਿਖਲੀਊਧਵ ਨੂੰ ਪਤਾ ਲੱਗਾ ਕਿ ਉਹਦੇ ਸਾਹ ਵਿੱਚ ਸ਼ਰਾਬ ਦੀ ਬੂ ਸੀ, ਤੇ ਹੁਣ ਉਸਨੂੰ ਸਮਝ ਆਈ ਸੀ ਕਿ ਉਹ ਇੰਨੀ ਕਿਉਂ ਜੋਸ਼ ਜੇਹੇ ਵਿਚ ਸੀ।

੪੮੮