ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/521

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣਦਾ ਹੈ ਕਿ ਉਹ ਬੇਗੁਨਾਹ ਹਨ ਭਾਵੇਂ ਉਨ੍ਹਾਂ ਉੱਪਰ ਇਹ ਦੋਸ਼ ਲੱਗਾ ਹੈ ਕਿ ਉਨ੍ਹਾਂ ਕਿਸੀ ਦਾ ਝੱਗਾ ਸਾੜਿਆ ਹੈ । ਜਦ ਓਹਨੂੰ ਇਹ ਪਤਾ ਲੱਗਾ ਕਿ ਮੇਰੀ ਆਪ ਨਾਲ ਜਾਣ ਪਛਾਣ ਹੈ ਉਸ ਮੈਨੂੰ ਕਹਿਆ ਕਿ ਮੈਂ ਆਪ ਨੂੰ ਕਹਾਂ ਕਿ ਆਪ ਉਹਦੇ ਪੁੱਤਰ ਨੂੰ ਮਿਲੋ ਤੇ ਓਹ ਸਾਰੀ ਗੱਲ ਆਪਨੂੰ ਦੱਸ ਦੇਵੇਗਾ," ਤੇ ਜਿਵੇਂ ਮਸਲੋਵਾ ਗੱਲ ਕਰਦੀ ਜਾਂਦੀ ਸੀ ਓਹ ਸਿਰ ਫੇਰ ਕੇ ਆਲੇ ਦੁਆਲੇ ਨਜ਼ਰ ਮਾਰਦੀ ਸੀ ਤੇ ਨਾਲੇ ਨਿਖਲੀਊਧਵ ਵਲ ਮੁੜ ਮੁੜ ਵੇਖਦੀ ਸੀ,——— "ਉਸ ਦਾ ਨਾਂ ਹੈ ਮੈਨਸ਼ੋਵਾ । ਕੀ ਆਪ ਕੁਛ ਕਰੋਗੇ ? ਤੱਕੋ ਨਾ, ਬੜੀ ਹੀ ਚੰਗੀ ਬੁੱਢੀ ਤੀਮੀ ਹੈ, ਆਪ ਫੌਰਨ ਵੇਖ ਸਕਦੇ ਹੋ ਕਿ ਉਹ ਬੇਗੁਨਾਹ ਹੈ———ਆਪ ਇਹ ਕਰੋਗੇ ਨਾ———ਆਪ ਕਿੰਨੇ ਹੀ ਬੀਬੇ ਰਾਣੇ ਹੋ.............” ਕਹਿਕੇ ਓਹ ਫਿਰ ਮੁਸਕਰਾਈ, ਓਸ ਵਲ ਤੱਕਿਆ ਤੇ ਫਿਰ ਅੱਖਾਂ ਨੀਵੀਂਆਂ ਪਾ ਦਿੱਤੀਆਂ।

"ਬਹੁਤ ਅੱਛਾ ! ਮੈਂ ਉਨ੍ਹਾਂ ਬਾਬਤ ਦਰਯਾਫਤ ਕਰਾਂਗਾ," ਨਿਖਲੀਊਧਵ ਨੇ ਕਹਿਆ, ਪਰ ਉਹਦੇ ਖੁੱਲੇ ਤੇ ਸੁਖੱਲੇ ਤੌਰ ਤ੍ਰੀਕੇ ਵਲੋਂ ਅਚੰਭਾ ਹੋ ਰਹਿਆ ਸੀ, "ਪਰ ਮੈਂ ਤੇਰੇ ਨਾਲ ਆਪਣੀ ਬਾਬਤ ਗੱਲ ਕਰਨੀ ਸੀ । ਯਾਦ ਹਈ ਕਿ ਮੈਂ ਪਿਛਲੀ ਵੇਰੀ ਤੈਨੂੰ ਕੀ ਕਹਿਆ ਸੀ ?"

"ਆਪ ਨੇ ਪਿਛਲੀ ਵੇਰੀ ਬਹੁਤ ਕੁਛ ਕਹਿਆ ਸੀ । ਕੀ ਸੀ, ਜੋ ਆਪ ਨੇ ਮੈਨੂੰ ਕਹਿਆ ਸੀ ?" ਉਸੀ ਤਰ੍ਹਾਂ ਮੁਸਕਰਾਈ ਜਾਂਦੀ ਸੀ, ਤੇ ਆਪਣਾ ਸਿਰ ਦਵਾਲੇ ਫੇਰ ਫੇਰਕੇ ਵੇਖਦੀ ਜਾਂਦੀ ਸੀ ।

੪੮੭