ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/516

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੰਗ ਹੋ ਗਇਆ ਸੀ ਜਿਸ ਵਿਚ ਇਕ ਆਦਮੀ ਮਾਰਿਆਂ ਗਇਆ ਸੀ———ਇਹ ਕਹਾਣੀ ਵਿਚੇ ਹੀ ਰੁਕ ਗਈ ਜਦ ਜੇਲਰ ਦੇ ਨਾਲ ਮਸਲੋਵਾ ਅੰਦਰ ਆ ਗਈ ।

ਨਿਖਲੀਊਧਵ ਨੇ ਓਹਨੂੰ ਉਹਦੇ ਇਨਸਪੈਕਟਰ ਦੇ ਵੇਖਣ ਥੀਂ ਪਹਿਲਾਂ ਹੀ ਦਰਵਾਜ਼ੇ ਥਾਣੀਂ ਰਾਹ ਵਿਚ ਹੀ ਤਕ ਲਇਆ ਸੀ । ਓਹਦਾ ਮੂੰਹ ਲਾਲ ਲਾਲ ਸੀ, ਤੇ ਓਹ ਵਾਰਡਰ ਦੇ ਪਿਛੇ ਪਿਛੇ ਤੇਜ ਆ ਰਹੀ ਸੀ । ਸਿਰ ਝੂਮ ਵਿੱਚ ਹਿਲਾਉਂਦੀ ਤੇ ਮੁਸਕਰਾਉਂਦੀ ਆ ਰਹੀ ਸੀ ।

ਜਦ ਉਸ ਇਨਸਪੈਕਟਰ ਨੂੰ ਬੈਠਿਆਂ ਵੇਖਿਆ ਤਦ ਓਹਦਾ ਤੌਰ ਝਟਾਪੱਟ ਬਦਲ ਗਇਆ, ਤੇ ਡਰ ਗਈ ਜੇਹੀ ਨਿਗਾਹ ਨਾਲ ਉਸ ਵਲ ਵੇਖਣ ਲੱਗ ਪਈ । ਪਰ ਜਲਦੀ ਨਾਲ ਸੰਭਲ ਕੇ ਉਸ ਨੇ ਕੁਛ ਦਲੇਰੀ ਤੇ ਖੁਸ਼ੀ ਜੇਹੀ ਨਾਲ ਨਿਖਲੀਊਧਵ ਨੂੰ ਬੁਲਾਇਆ ।

"ਆਪ ਦਾ ਕੀ ਹਾਲ ਹੈ ?" ਓਸ ਕਹਿਆ ਤੇ ਆਪਣੇ ਲਫਜ਼ਾਂ ਨੂੰ ਜਰਾ ਕੂ ਲਮਕਾ, ਧ੍ਰੀਕ ਕੇ, ਮੁਸਕਰਾਂਦੀ ਨੇ ਉਹਦਾ ਹੱਥ ਫੜ ਲਇਆ, ਤੇ ਬੜੇ ਜੋਰ ਨਾਲ ਹਿਲਾਇਆ———ਓਸ ਤਰਾਂ ਨਹੀਂ ਜਿਸ ਤਰਾਂ ਓਸ ਪਹਿਲੀ ਮੁਲਾਕਾਤ ਵੇਲੇ ਕੀਤਾ ਸੀ ।

"ਮੈਂ ਇਹ ਇਕ ਅਰਜੀ ਤੇਰੇ ਲਈ ਲਿਆਇਆ ਹਾਂ———ਤੂੰ ਇਸ ਉੱਪਰ ਦਸਤਖਤ ਕਰਨੇ ਹਨ," ਨਿਖਲੀਊਧਵ ਨੇ ਕਹਿਆ । ਕੁਛ ਅਚੰਭੇ ਵਿੱਚ ਸੀ ਕਿ ਅੱਜ ਕਿੰਨੀ ਖੁੱਲ੍ਹ ਤੇ

੪੮੨