ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/509

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਈਂ," ਬੁੱਢੀ ਜਨਾਨੀ [ਮੈਨਸ਼ੋਵਾ] ਨੇ ਕਿਹਾ ਜਦ ਮਸਲੋਵਾ ਆਪਣੇ ਸਿਰ ਤੇ ਰੋਮਾਲ ਠੀਕ ਕਰ ਰਹੀ ਸੀ ਤੇ ਮੱਧਮ ਜੇਹੇ ਮੂੰਹ ਦਿੱਸਾਣ ਵਾਲੇ ਸ਼ੀਸ਼ੇ ਸਾਹਮਣੇ ਖੜੀ ਸੀ । "ਅਸਾਂ ਘਰ ਨੂੰ ਅੱਗ ਨਹੀਂ ਸੀ ਲਾਈ, ਪਰ ਓਸ ਸ਼ੈਤਾਨ ਨੇ ਆਪ ਲਾਈ ਸੀ, ਉਹਦੇ ਆਪਣੇ ਮਜੂਰਾਂ ਨੇ ਓਹਨੂੰ ਇਉਂ ਕਰਦਾ ਵੇਖਿਆ ਵੀ ਸੀ ਤੇ ਓਹ ਮਜੂਰ ਆਪਣੇ ਰੂਹਾਂ ਨੂੰ ਇਸ ਸ਼ਹਾਦਤ ਥੀਂ ਇਨਕਾਰੀ ਹੋਕੇ ਕਦੀ ਨਰਕ ਵਿੱਚ ਨਹੀਂ ਸੁੱਟਣ ਦੀ ਕਰਨਗੇ । ਤੂੰ ਬੱਸ ਓਹਨੂੰ ਕਹੀਂ ਕਿ ਉਹ ਮੇਰੇ ਮਿਤ੍ਰੀ ਨੂੰ ਜਰਾ ਮਿਲ ਲਵੇ, ਮਿਤ੍ਰੀ ਸਾਰੀ ਗੱਲ ਓਹਨੂੰ ਦੱਸ ਦੇਵੇਗਾ । ਸਾਫ ਹੈ ਜਿਵੇਂ ਕੋਈ ਗੱਲ ਸਾਫ ਹੋ ਸੱਕਦੀ ਹੈ, ਜਰਾ ਸੋਚ, ਅਸੀਂ ਹੁਣ ਜੇਲ ਵਿੱਚ ਬੰਦ ਹਾਂ ਜਦ ਅਸਾਂ ਕਦੀ ਵੀ ਨਹੀਂ ਬੁਰਾਂ ਚਿਤਵਿਆ ਤੇ ਵੇਖ, ਓਹ ਸ਼ੈਤਾਨ ਦੂਸਰੇ ਦੀ ਤੀਮੀਂ ਬਗਲ ਵਿੱਚ ਲਈ ਕਲਾਲ ਖਾਨੇ ਬੈਠਾ ਗੁਲਛੱਰੇ ਉਡਾ ਰਹਿਆ ਹੈ ।


"ਇਹ ਕੋਈ ਕਾਨੂੰਨ ਤਾਂ ਨਹੀਂ ਨਾ," ਕੋਰਾਬਲੈਵਾ ਨੇ ਆਖਿਆ ।

"ਮੈਂ ਉਹਨੂੰ ਕਹਾਂਗੀ, ਕਹਾਂਗੀ," ਮਸਲੋਵਾ ਨੇ ਜਵਾਬ ਦਿੱਤਾ ।

"ਫਰਜ਼ ਕਰੋ ਜੇ ਮੈਂ ਆਪਣੇ ਦਿਲ ਨੂੰ ਤਕੜਾ ਕਰਨ ਲਈ ਇਕ ਕਤਰਾ ਲੈ ਲਵਾਂ ।" ਓਸ ਨੇ ਅੱਖ ਮਾਰ ਕੇ ਕਹਿਆ ਤੇ ਕੋਰਾਬਲੈਵਾ ਨੇ ਅੱਧਾ ਪਿਆਲਾ ਵੋਧਕਾ ਦਾ ਭਰ ਦਿੱਤਾ

੪੭੫