ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/499

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਇਕ ਹੋਰ ਗੱਲ———ਪ੍ਰੋਕਿਊਰਰ ਨੇ ਮੈਨੂੰ ਜੇਲ ਵਿੱਚ ਇਕ ਬੰਦੇ ਨੂੰ ਮਿਲਣ ਦਾ ਪਾਸ ਦਿੱਤਾ ਸੀ, ਪਰ ਓਹ ਕਹਿੰਦੇ ਹਨ ਕਿ ਕਿਸੀ ਕੈਦੀ ਨਾਲ ਵਕਤ ਤੇ ਬਾਹਰ ਤੇ ਕਿਸੀ ਇਕੱਲੇ ਕਮਰੇ ਵਿੱਚ ਮੁਲਾਕਾਤ ਕਰਨ ਲਈ ਗਵਰਨਰ ਦੀ ਇਜਾਜ਼ਤ ਦੀ ਜਰੂਰਤ ਹੈ, ਕੀ ਇਹ ਠੀਕ ਹੈ?"

"ਹਾਂ———ਮੇਰਾ ਖਿਆਲ ਹੈ, ਪਰ ਗਵਰਨਰ ਅੱਜ ਕਲ ਇੱਥੇ ਨਹੀਂ ਉਹਦੀ ਥਾਂ ਨੈਬ ਹੈ, ਪਰ ਇਹ ਤਾਂ ਬੜਾ ਅਭਨੱਕ ਆਦਮੀ ਹੈ । ਇਸ ਪਾਸੋਂ ਕੋਈ ਕੰਮ ਸਰ ਨਹੀਂ ਆਉਣ ਲੱਗਾ।"

"ਕੀ ਅਹ ਮੈਸੇਲੈਨੀਕੋਵ ਤਾਂ ਨਹੀਂ ?"

"ਠੀਕ।"

"ਮੈਂ ਓਹਨੂੰ ਜਾਣਦਾ ਹਾਂ," ਨਿਖਲੀਊਧਵ ਨੇ ਕਹਿਆ ਤੇ ਤੁਰਨ ਨੂੰ ਖੜਾ ਹੋ ਗਇਆ । ਇਸ ਘੜੀ ਇਕ ਬੜੀ ਡਰਾਉਣੀ ਬਦ ਸੂਰਤ, ਹੱਡੀਆਂ ਹੱਡੀਆਂ, ਮੋਟੇ ਨੱਕ ਵਾਲੀ, ਪੀਲੀ ਜੇਹੀ, ਮਧਰੀ ਤੀਮੀਂ ਕਮਰੇ ਵਿੱਚ ਦੌੜਦੀ ਵੜ ਆਈ । ਇਹ ਇਸ ਵਕੀਲ ਦੀ ਵਹੁਟੀ ਸੀ, ਜਿਹਨੂੰ ਆਪਨੇ ਇੰਨਾਂ ਕਰੂਪ ਹੋਣ ਦੀ ਕੋਈ ਤਕਲੀਫ ਯਾ ਪੀੜ ਨਹੀਂ ਸੀ ਹੋ ਰਹੀ । ਇਹਦੀ ਪੋਸ਼ਾਕ ਬੜੀ ਹੀ ਨਵੀਂ ਤਰਜ਼ ਦੀ ਸੀ, ਉਸਦੇ ਜਿਸਮ ਨੂੰ ਕੋਈ ਚੀਜ਼ ਪੀਲੀ ਤੇ ਸਾਵੀ, ਮਖ਼ਮਲ ਤੇ ਰੇਸ਼ਮ ਦੀ ਬਣੀ ਹੋਈ ਢੱਕ ਰਹੀ ਸੀ, ਤੇ ਓਹਦੇ ਪਤਲੇ ਜੇਹੇ ਵਾਲ ਕੁੰਡਲਦਾਰ ਬਣਾਏ ਹੋਏ ਸਨ । ਉਹ ਇਕ ਜਿੱਤੇ ਬੰਦੇ

੪੬੫