ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/491

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਪੰਜਰ" ਉਚਾਰਦਾ ਹੈਂ," ਨਿਖਲੀਊਧਵ ਨੇ ਆਪਣੇ ਮਨ ਵਿਚ ਕਹਿਆ, ਤੇ ਇਸਨੂੰ ਉਸ ਆਦਮੀ ਵਲ ਇੰਨੀ ਘ੍ਰਿਣਾ ਮਹਿਸੂਸ ਹੋਈ ਕਿ ਕਿਸੀ ਤਰਾਂ ਹਟਾਈ ਜਾ ਹੀ ਨਹੀਂ ਰਹੀ ਸੀ ਸਕਦੀ । ਤੇ ਏਹ ਘ੍ਰਿਣਾ ਨਿਖਲੀਊਧਵ ਨੂੰ ਇਸ ਕਰਕੇ ਹੋਈ ਕਿ ਇਹ ਸ਼ਖਸ ਆਪਣੀ ਖੁਲ੍ਹੀ ਧਿੰਗੋਜੋਰੀ ਤੇ ਬੇਤਕੱਲਫੀ ਨਾਲ ਦਸਨਾ ਚਾਹੁੰਦਾ ਸੀ ਕਿ ਓਹ ਤੇ ਨਿਖਲੀਊਧਵ ਇਕ ਤਬਕੇ, ਇਕ ਦਾਇਰੇ ਦੇ ਅਮੀਰ ਲੋਕੀ ਹਨ ਤੇ ਓਹਦੇ ਹੋਰ ਮੁਵੱਕਲ ਲੋਕੀ ਨੀਵੇਂ ਦਰਜੇ ਦੇ ਤਬਕੇ ਦੇ ਲੋਕੀ ਹਨ ।


"ਓਸ ਸੌਦਾਗਰ ਨੇ ਮੇਰੀ ਜਿੰਦ ਹੀ ਕੱਢ ਲਈ ਸੀ । ਓਹ ਬੜਾ ਹੀ ਭਿਆਨਕ ਬਦਮਾਸ਼ ਹੈ । ਮੈਂ ਇਉਂ ਮਹਿਸੂਸ ਕਰ ਰਹਿਆ ਹਾਂ ਕਿ ਆਪ ਨਾਲ ਇਹ ਗੱਲਾਂ ਕਰਕੇ ਆਪਣੀ ਤਬੀਅਤ ਨੂੰ ਹਲਕਾ ਕਰ ਲਵਾਂ," ਵਕੀਲ ਨੇ ਕਹਿਆ, ਜਿਵੇਂ ਓਹ ਇਨ੍ਹਾਂ ਗੱਲਾਂ ਬਾਬਤ ਜ਼ਿਕਰ ਕਰਨ ਲਈ ਜਿਨ੍ਹਾਂ ਦਾ ਇਹਦੇ ਮਾਮਲੇ ਨਾਲ ਕੋਈ ਸੰਬੰਧ ਨਹੀਂ ਸੀ, ਇਕ ਤਰ੍ਹਾਂ ਦੀ ਮਾਫ਼ੀ ਮੰਗ ਰਹਿਆ ਹੈ———"ਅੱਛਾ! ਹੁਣ ਆਪਦੇ ਮੁਕੱਦਮੇਂ ਵੱਲ ਆਈਏ, ਮੈਂ ਬੜੀ ਗਹੁ ਨਾਲ ਮਿਸਲ ਪੜ੍ਹੀ ਹੈ, ਜਿਵੇਂ ਤਰਗਿਨੇਵ ਕਹਿੰਦਾ ਹੈ, ਮੈਂ ਓਹਦੇ ਵਿੱਚ ਲਿਖੀਆਂ ਗੱਲਾਂ ਨੂੰ ਨਾਮਨਜੂਰ ਕਰਦਾ ਹਾਂ, ਮੇਰਾ ਮਤਲਬ ਹੈ ਕਿ ਓਥੇ ਕੱਚੇ ਵਕੀਲ ਨੇ ਅਪੀਲ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ।"

"ਅੱਛਾ ਫਿਰ ਕੀ ਹੋ ਸਕਦਾ ਹੈ?"

੪੫੭