ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/480

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਛ ਮਾਣ ਵੀ ਹੁੰਦਾ ਸੀ, ਤੇ ਹੋਰ ਹੋਵੇ ਵੀ ਕੀ ? ਹਰ ਇਕ ਬੰਦੇ ਨੂੰ ਆਪਣਾ ਕਰਮ ਕਰਨ ਲਈ ਇਹ ਜਰੂਰ ਹੁੰਦਾ ਹੈ ਕਿ ਉਹ ਆਪਣੇ ਕਰਮ ਨੂੰ ਜ਼ਰੂਰੀ ਕਰਨ ਵਾਲਾ ਤੇ ਚੰਗਾ ਸਮਝੇ । ਇਸ ਵਾਸਤੇ ਜਿਵੇਂ ਜਿਸ ਕਿਸੀ ਹਾਲਤ ਵਿੱਚ ਕੋਈ ਹੁੰਦਾ ਹੈ ਓਹਨੂੰ ਹੋਰ ਲੋਕਾਂ ਆਮਾਂ ਦੀ ਜ਼ਿੰਦਗੀ ਦਾ ਵੀ ਦ੍ਰਿਸ਼ ਓਹੋ ਆਪਣੀ ਨਜ਼ਰ ਥੀਂ ਹੀ ਬਣਾਣਾ ਜਰੂਰੀ ਪੈਂਦਾ ਹੈ, ਜਿਸ ਕਰਕੇ ਓਹਦਾ ਆਪਣਾ ਕਸਬ ਓਹਨੂੰ ਆਪ ਨੂੰ ਚੰਗਾ ਤੇ ਜਰੂਰੀ ਲੱਗ ਪਏ ।

ਇਹ ਆਮ ਚਿਤਵਿਆ ਜਾਂਦਾ ਹੈ ਕਿ ਚੋਰ, .ਖੂਨੀ, ਸੂਹੀਆਂ, ਵੈਸ਼ੀਆ, ਆਪਣੇ ਕਸਬਾਂ ਨੂੰ ਮਾੜਾ ਮਨ ਕੇ ਉਨ੍ਹਾਂ ਕਸਬਾਂ ਥੀਂ ਨਾਦਮ ਹਨ । ਪਰ ਇਸ ਥਾਂ ਉਲਟ ਸੱਚ ਹੈ ਕਿ ਜਿੱਥੇ ਉਨ੍ਹਾਂ ਦੀਆਂ ਮਾੜੀਆਂ ਕਿਸਮਤਾਂ ਯਾ ਉਨ੍ਹਾਂ ਦੇ ਗੁਨਾਹਾਂ, ਗਲਤੀਆਂ ਨੇ ਉਨ੍ਹਾਂ ਨੂੰ ਪਹੁੰਚਾ ਦਿੱਤਾ ਹੈ, ਭਾਵੇਂ ਓਹ ਥਾਂ ਕੂੜੀ ਵੀ ਹੋਵੇ, ਜ਼ਿੰਦਗੀ ਦੀ ਉਹੋ ਝਾਕੀ ਉਹ ਆਪਣੀਆਂ ਅੱਖਾਂ ਅੱਗੇ ਬਨ੍ਹਦੇ ਹਨ,ਜਿਸ ਕਰਕੇ ਉਨ੍ਹਾਂ ਨੂੰ ਆਪਣਾ ਕਸਬ ਹੀ ਚੰਗਾ ਦਿੱਸ ਆਵੇ, ਤੇ ਉਨ੍ਹਾਂ ਨੂੰ ਆਪਣਾ ਕਸਬ ਕਰੀ ਜਾਣ ਦੀ ਆਗਿਆ ਮਿਲ ਸੱਕੇ । ਜ਼ਿੰਦਗੀ ਦੇ ਇਓਂ ਬੰਨੇ ਦ੍ਰਿਸ਼ਾਂ ਨੂੰ ਕਾਇਮ ਰੱਖਣ ਲਈ ਓਹ ਆਪਣੇ ਚੌਗਿਰਦ ਉਨ੍ਹਾਂ ਲੋਕਾਂ ਦਾ ਹੀ ਦਾਇਰਾ ਬੰਨ੍ਹਦੇ ਹਨ ਜਿਹੜੇ ਉਨ੍ਹਾਂ ਦੇ ਇਸ ਖਿਆਲ ਨਾਲ ਹਮ ਖਿਆਲ ਹੋਣ ਤੇ ਜਿਨ੍ਹਾਂ ਵਿੱਚ ਬਹਿਣ ਨੂੰ ਉਨ੍ਹਾਂ ਨੂੰ ਵੀ ਸੁਖਾਲੀ ਥਾਂ ਮਿਲ ਸਕੇ । ਇਹ ਗੱਲ ਸਾਨੂੰ ਹੈਰਾਨ ਤਾਂ ਜਰੂਰ ਕਰਦੀ ਹੈ ਜਦ ਇਹੋ ਜੇਹੇ ਲੋਕੀ ਚੋਰ ਹੁੰਦੇ ਆਪਣੀ ਚੋਰੀ ਯਾਰੀ ਦੇ ਕਰਤਬਾਂ ਦੀਆਂ ਤਰੀਫਾਂ ਕਰਦੇ ਹਨ । ਵੈਸ਼ੀਆ ਆਪਣੇ ਖਰਾਬ ਹੋਣ ਨੂੰ ਦੱਸ ਦੱਸ ਕੇ ਮਾਣ ਕਰਦੀ ਹੈ. ਖੂਨੀ ਆਪਣੀ

੪੪੬