ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/477

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੀਆਂ ਅੱਖਾਂ ਨਾਲ ਜਦ ਇਹਦੀਆਂ ਅੱਖਾਂ ਮਿਲੀਆਂ ਤਦ ਉਨਾਂ ਵਿੱਚ ਐਸੀ ਕੋਈ ਹੌਲਨਾਕ, ਮੋਟੀ, ਭੈੜੀ ਘ੍ਰਿਣਾ ਪੈਦਾ ਕਰਨ ਵਾਲੀ ਚੀਜ਼ ਤੱਕੀ ਕਿ ਉਹ ਅੱਗੇ ਫਿਰ ਬੋਲ ਹੀ ਨ ਸੱਕਿਆ।

ਇਸ ਸਮੇਂ ਹੋਰ ਮੁਲਾਕਾਤਾਂ ਕਰਨ ਵਾਲੇ ਆਏ ਬੰਦੇ ਮੁੜਨ ਲੱਗ ਗਏ ਸਨ, ਇਨਸਪੈਕਟਰ ਨਿਖਲੀਊਧਵ ਪਾਸ ਆਕੇ ਕਹਿਣ ਲੱਗਾ, ਕਿ ਵਕਤ ਹੋ ਗਇਆ ਹੈ ।

"ਗੁਡ ਬਾਈ, ਅੱਲਾ ਹੀ ਅੱਲਾ, ਲਓ———ਮੈਂ ਹਾਲੇ ਤੈਨੂੰ ਬਹੁਤ ਕੁਛ ਕਹਿਣਾ ਸੀ ਪਰ ਹੁਣ ਤੂੰ ਦੇਖ ਹੀ ਰਹੀ ਹੈਂ ਹੋਰ ਗੱਲਾਂ ਕਰਨਾ ਨਾਮੁਮਕਿਨ ਹੋ ਚੁੱਕਾ ਹੈ," ਨਿਖਲੀਊਧਵ ਨੇ ਕਿਹਾ ਤੇ ਆਪਣਾ ਹੱਥ ਅੱਗੇ ਕੀਤਾ———"ਮੈਂ ਮੁੜ ਆਵਾਂਗਾ।"

ਮਸਲੋਵਾ ਆਜਜ਼ੀ ਜੇਹੀ ਨਾਲ ਉੱਠੀ ਤੇ ਉਡੀਕ ਕਰ ਰਹੀ ਸੀ ਕਿ ਓਹ ਉਹਨੂੰ ਕਹੇਗਾ ਜਾਹ ।

"ਮੇਰੇ ਖਿਆਲ ਵਿੱਚ ਆਪ ਨੇ ਜੋ ਕੁਛ ਕਹਿਣਾ ਸੀ ਕਹਿ ਦਿੱਤਾ ਹੈ ।"

ਉਸਨੇ ਨਿਖਲੀਊਧਵ ਦਾ ਹੱਥ ਪਕੜਿਆ ਪਰ ਦਬਾਇਆ ਨਹੀਂ।

"ਨਹੀਂ, ਮੈਂ ਤੈਨੂੰ ਮਿਲਣ ਦੀ ਫਿਰ ਕੋਸ਼ਸ਼ ਕਰਾਂਗਾ, ਐਸੀ ਕਿਸੀ ਥਾਂ ਜਿੱਥੇ ਅਸੀਂ ਖੁਲ੍ਹੀ ਗੱਲ ਬਾਤ ਕਰ ਸੱਕਾਂਗੇ, ਤੇ ਫਿਰ ਤਾਂ ਮੈਂ ਤੈਨੂੰ ਦੱਸਾਂਗਾ ਜੋ ਮੈਂ ਕਹਿਣਾ ਹੈ । ਇਕ ਬੜੀ ਜਰੂਰੀ ਗੱਲ ਹੈ।"

"ਤਾਂ ਫਿਰ ਆਪ ਨੇ ਆਵਣਾ, ਕਿਉਂ ਨਹੀਂ," ਉਸ ਉੱਤਰ ਦਿੱਤਾ ਤੇ ਉਸੀ ਤਰਾਂ ਉਸ ਵੱਲ ਤੱਕਦੀ ਮੁਸਕਰਾਈ

੪੪੩