ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/473

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਖੀਸੇ ਵਿੱਚੋਂ ਕੱਢ ਲਈ ਪਰ ਇੰਨਾਂ ਵਕਤ ਨ ਮਿਲ ਸੱਕਿਆ ਕਿ ਉਹ ਇਨਸਪੈਕਟਰ ਦੇ ਪਰਤ ਆਉਣ ਥੀਂ ਪਹਿਲਾਂ ਰੂਬਲ ਓਹਨੂੰ ਦੇ ਸੱਕਦਾ । ਇਸ ਕਰਕੇ ਉਸ ਨੋਟ ਨੂੰ ਓਹਨੇ ਆਪਣੀ ਮੁੱਠੀ ਵਿੱਚ ਹੀ ਮਰੋੜ ਮਰਾੜ ਸੁੱਟਿਆ।

"ਇਹ ਤੀਮੀਂ ਹੁਣ ਮਰ ਚੁੱਕੀ ਹੈ," ਨਿਖਲੀਊਧਵ ਨੇ ਵਿਚਾਰਿਆ, ਜਦ ਉਸ ਨੇ ਕਦੀ ਦਾ ਹੋ———ਚੁੱਕਾ ਮਿੱਠਾ ਮਸਲੋਵਾ ਦਾ ਮੂੰਹ ਹੁਣ ਭ੍ਰਿਸ਼ਟਿਆ ਹੋਇਆ ਤੇ ਫੁੱਲਿਆ ਜੇਹਾ ਤੱਕਿਆ, ਤੇ ਉਨ੍ਹਾਂ ਮੰਦ ਮੰਦ ਭੈਂਗ ਮਾਰਦੀਆਂ ਅੱਖਾਂ ਵਿੱਚ ਸ਼ੈਤਾਨੀ ਚਮਕ ਮਾਰਦੀ ਤੱਕੀ । ਉਹ ਕਦੀ ਹੋ———ਚੁੱਕੀਆਂ ਸੋਹਣੀ ਦੈਵੀ ਅੱਖਾਂ ਅੱਜ ਬੇਸਬਰੀ ਨਾਲ ਉਹਦੇ ਹੱਥ ਵੱਲ ਤੱਕ ਰਹੀਆਂ ਸਨ, ਜਿਸ ਹੱਥ ਵਿੱਚ ਉਹ ਨੋਟ ਫੜਿਆ ਹੋਇਆਂ ਸੀ, ਤੇ ਕਦੀ ਹੱਥ ਵੱਲ ਵੇਖਦੀਆਂ ਸਨ ਕਦੀ ਚੋਰਾਂ ਵਾਂਗ ਓਸ ਇਨਸਪੈਕਟਰ ਵੱਲ ਵੇਖਦੀਆਂ ਸਨ । ਇਕ ਛਿਨ ਲਈ ਉਹ ਰੁਕ ਗਇਆ ।

ਓਹ ਸ਼ੈਤਾਨ ਮਨ ਨੂੰ ਸਦਾ ਲਲਚਾਣ ਵਾਲਾ ਜਿਹੜਾ ਰਾਤੀਂ ਓਸ ਨਾਲ ਗੱਲਾਂ ਕਰ ਰਹਿਆ ਸੀ ਮੁੜ ਉੱਠਿਆ । ਉਸਨੇ ਆਪਣੀ ਆਵਾਜ਼ ਉੱਚੀ ਕੀਤੀ ਤੇ ਕੋਸ਼ਸ਼ ਕੀਤੀ ਕਿ ਨਿਖਲੀਊਧਵ ਨੂੰ ਇਕ ਵੇਰੀ ਫਿਰ ਅੰਦਰ ਦੀ ਸੁੱਚੀ ਜ਼ਿੰਦਗੀ ਥੀਂ ਉਥਾਨ ਕਰਵਾਕੇ ਬਾਹਰ ਮੁਖੀ ਜ਼ਿੰਦਗੀ ਵਲ ਲੈ ਜਾਵੇ । ਓਹਨੂੰ ਕੀ ਕਰਨਾ ਚਾਹੀਦਾ ਹੈ ਦੇ ਸਵਾਲ ਥੀਂ ਭੁਲਾ ਕੇ ਇਸ ਸਵਾਲ ਵੱਲ ਲੈ ਜਾ ਰਹਿਆ ਸੀ ਕਿ ਇਹਦੇ

੪੩੯