ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/471

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀ ਦਾਹੜੀ ਵਾਲਾ ਸ਼ਰੀਫ ਆਦਮੀ ਉਸ ਲਈ ਉਹ ਨਿਖਲੀਊਧਵ ਨਹੀਂ ਸੀ ਜਿਸ ਨਾਲ ਉਸ ਪਿਆਰ ਕੀਤਾ ਸੀ, ਪਰ ਸਿਰਫ ਉਨ੍ਹਾਂ ਲੋਕਾਂ ਵਿੱਚ ਉਹ ਵੀ ਇਕ ਹੋਰ ਆਇਆ ਸੀ, ਜਿਹੜੇ ਉਸ ਜਹੇ ਜੰਤੂਆਂ ਨੂੰ ਆਪਣੇ ਵਿਸ਼ੇ ਭੋਗ ਲਈ ਲੋੜ ਵੇਲੇ ਵਰਤ ਲੈਂਦੇ ਹਨ ਤੇ ਜਿਨ੍ਹਾਂ ਕੋਲੋਂ ਉਸ ਜੇਹੇ ਜੰਤੂ ਵੀ ਆਪਣੀ ਵਾਰੀ ਪੂਰਾ ਪੂਰਾ ਆਪਣਾ ਫਾਇਦਾ ਕੱਢਣ ਦੀ ਕਰਦੇ ਹਨ———ਤੇ ਇਹ ਕਾਰਨ ਸੀ ਕਿ ਮਸਲੋਵਾ ਨੇ ਉਸ ਵੱਲ ਉਹ ਭੈੜੀ ਤਰਾਂ ਦੀ ਲੁਭਾਣ ਵਾਲੀ ਨਿਗਾਹ ਨਾਲ ਵੇਖਿਆ ਸੀ, ਉਹ ਚੁੱਪ ਸੀ———ਤੇ ਸੋਚ ਰਹੀ ਸੀ ਕਿ ਉਸ ਪਾਸੋਂ ਕਿਸ ਅੱਛੀ ਥੀਂ ਅੱਛੀ ਤਰਾਂ ਉਹ ਆਪਣਾ ਮਤਲਬ ਕੱਢ ਸੱਕੇ ।

"ਉਹ ਸਭ ਕੁਛ ਹੁਣ ਮੁੱਕ ਚੁੱਕਾ ਹੈ," ਤਾਂ ਉਹ ਬੋਲੀ, "ਮੈਂ ਸਾਈਬੇਰੀਆਂ ਜਲਾਵਤਨ ਹੋ ਚੁੱਕੀ ਹਾਂ," ਤੇ ਉਹਦੇ ਹੋਠ ਇਹ ਹੋਲਨਾਕ ਲਫਜ਼ ਕਹਿੰਦਿਆਂ ਕੰਬ ਗਏ ।

"ਮੈਂ ਜਾਣਦਾ ਸਾਂ, ਮੈਨੂੰ ਨਿਸਚਾ ਸੀ ਕਿ ਤੂੰ ਨਿਰਦੋਸ਼ ਸੈਂ," ਨਿਖਲੀਊਧਵ ਨੇ ਉੱਤਰ ਦਿੱਤਾ ।

"ਦੋਸ਼ੀ ? ਬੇਸ਼ਕ ਨਹੀਂ, ਮੈਂ ਕਿੰਵੇਂ ਚੋਰ ਯਾ ਲੁਟੇਰੀ ਕਦੀ ਹੀ ਹੋ ਸੱਕਦੀ ਸਾਂ ? ਇੱਥੇ ਲੋਕੀ ਕਹਿੰਦੇ ਹਨ ਇਸ ਸਾਰੇ ਦਾ ਨਿਰਭਰ ਕੀਤੇ———ਵਕੀਲ ਦੀ ਲਿਆਕਤ ਉੱਪਰ ਹੁੰਦਾ ਹੈ," ਉਹ ਕਹੀ ਚਲੀ ਗਈ "ਇਕ ਅਰਜੀ ਅਗਾਹਾਂ ਜੇ ਹੁਣ ਕੀਤੀ ਜਾਵੇ । ਪਰ ਉਹ ਕਹਿੰਦੇ ਹਨ ਕਿ ਇਸ ਲਈ ਬੜੇ ਰੁਪਿਆਂ ਦੀ ਲੋੜ ਹੁੰਦੀ ਹੈ ।"

੪੩੭