ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/468

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨੂੰ ਗਲ ਨਹੀਂ ਸਨ ਕਰਨ ਦਿੰਦੇ "ਪਰ, ਭਾਵੇਂ ਮੈਂ ਹੋ ਚੁਕੇ ਗੁਜਰੇ ਪਿੱਛੇ ਨੂੰ ਕਿਸੀ ਤਰਾਂ ਅਣਹੋਇਆ ਨਹੀਂ ਕਰ ਸੱਕਦਾ, ਤਾਂ ਵੀ ਹੁਣ ਜੋ ਕੁਝ ਮੇਰੇ ਵਸ ਹੈ ਕਰਾਂਗਾ...........................ਮੈਨੂੰ ਦੱਸੋ..............."।

"ਆਪ ਨੇ ਮੈਨੂੰ ਲੱਭ ਕਿੰਞ ਲਇਆ ਹੈ ?" ਮਸਲੋਵਾ ਨੇ ਪੁੱਛਿਆ, ਅਤੇ ਓਹਦੇ ਸਵਾਲ ਦਾ ਕੋਈ ਉੱਤਰ ਨਾ ਦਿੱਤਾ । ਪਰ ਆਪਣੀਆਂ ਭੈਂਗ ਮਾਰਦਿਆਂ ਅੱਖਾਂ ਨਾਲ ਨ ਤਾਂ ਨਿਰਾ ਓਸ ਵਲ ਹੀ ਤੱਕਿਆ, ਤੇ ਨ ਓਸ ਥੀਂ ਓਹ ਅੱਖਾਂ ਪਰੇ ਹੀ ਕੀਤੀਆਂ ।

"ਏ ਰੱਬ ਜੀ———ਮੇਰੀ ਮਦਦ ਕਰੋ———ਦੱਸੋ ਨਾ ਮੈਂ ਕੀ ਕਰਾਂ ਨਿਖਲੀਊਧਵ ਨੇ ਓਹਦਾ ਚਿਹਰਾ ਵੇਖਕੇ, ਜੋ ਹੁਣ ਵੱਟ ਚੁਕਾ ਸੀ ਤੇ ਓੱਨਾ ਸੋਹਣਾ ਨਹੀਂ ਸੀ ਰਹਿਆ———ਸੋਚਿਆ———"ਮੈਂ ਪਰਸੋਂ ਜੂਰੀ ਉੱਪਰ ਸਾਂ," ਓਸ ਉਹਨੂੰ ਕਹਿਆ, "ਤੂੰ ਮੈਨੂੰ ਨਹੀਂ ਸੀ ਪਛਾਣਿਆ ?"

"ਨਾ-ਮੈਂ ਤਾਂ ਨਹੀਂ ਸਾਂ ਪਛਾਣ ਸਕੀ, ਓਹ ਵਕਤ ਕਿਸੀ ਨੂੰ ਪਛਾਣਨ ਦਾ ਨਹੀਂ ਸੀ, ਮੈਂ ਤਾਂ ਕਿਸੀ ਵਲ ਤੱਕਿਆ ਵੀ ਨਹੀਂ ਸੀ"——— ਮਸਲੋਵਾ ਨੇ ਉੱਤਰ ਦਿੱਤਾ ।

"ਤੇ ਇਕ ਬੱਚਾ ਵੀ ਹੋਇਆ ਸੀ ਨਾਂ ?" ਓਸ ਪੁਛਿਆ ਤੇ ਸ਼ਰਮ ਨਾਲ ਰੱਤਾ ਹੋ ਗਇਆ ।

"ਸ਼ੁਕਰ ਰੱਬ ਦਾ, ਹੋਇਆ ਅਤੇ ਓਹ ਓਸੇ ਵੇਲੇ ਹੀ ਮਰ ਗਇਆ ਸੀ," ਮਸਲੋਵਾ ਨੇ ਯਕਲਖਤ ਤੇ ਕੁਛ ਗੁਸੇ ਨਾਲ ਉੱਤਰ ਦਿੱਤਾ ਤੇ ਆਪਣਾ ਮੂੰਹ

੪੩੪