ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/463

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੈਦੀਆਂ ਨੂੰ ਮੋਂਢਿਆਂ ਨਾਲ ਅੱਗੇ ਪਿੱਛੇ ਕਰ, ਉਨ੍ਹਾਂ ਵਿੱਚ ਦੀ ਰਾਹ ਜੇਹਾ ਬਣਾ ਲਇਆ । ਹੈਰਾਨ ਜੇਹੀ ਪਰ ਇਕ ਪੁੱਛ ਕਰਦੀ ਨਿਗਾਹ ਨਾਲ ਨਿਖਲੀਊਧਵ ਵੱਲ ਆਣ ਕੇ ਤੱਕਿਆ———ਪਰ ਓਹਦੇ ਕੱਪੜਿਆਂ ਥੀਂ ਇਹ ਜਾਚ ਕੇ ਕਿ ਉਹ ਕੋਈ ਅਮੀਰ ਆਦਮੀ ਹੈ ਉਹ ਮੁਸਕਰਾ ਪਈ, "ਕੀ ਆਪ ਮੈਨੂੰ ਹੀ ਮਿਲਣਾ ਚਾਹੁੰਦੇ ਹੋ ?" ਓਸ ਪੁੱਛਿਆ ਤੇ ਆਪਣਾ ਹਸੂੰ ਹਸੂੰ ਕਰਦਾ ਮੂੰਹ ਜਾਲੀ ਨਾਲ ਲਾ ਦਿੱਤਾ, ਅੱਖਾਂ ਵਿਚ ਓਹੋ ਮੰਦ ਮੰਦ ਭੈਂਗ ਵੱਜ ਰਹਿਆ ਸੀ ।

"ਮੈਂ...............ਮੈਂ................ਮੈਂ ਵੇਖਣਾ ਚਾਹੁੰਦਾ... ਮੈਂ ਆਪਨੂੰ ਵੇਖਣਾ ਚਾਹੁੰਦਾ................ਮੈਂ," ਉਹ ਆਪਣੇ ਮਾਮੂਲੀ ਆਵਾਜ਼ ਥੀਂ ਉੱਚਾ ਨਹੀਂ ਸੀ ਬੋਲ ਰਹਿਆ ।

"ਨਹੀਂ———ਸਭ ਲੱਚਰ——— ਮੈਂ ਤੈਨੂੰ ਕਹਿੰਦਾ ਹਾਂ," ਤਾਂ ਓਹਦੇ ਨਾਲ ਖੜੇ ਓਸ ਆਵਾਰਾਗਰਦ ਨੇ ਲਲਕਾਰ ਕੇ ਆਪਣੀ ਗੱਲ ਕਰਨ ਵਾਲੀ ਨੂੰ ਕਹਿਆ, "ਤੂੰ ਓਹ ਚੀਜ਼ ਲਈ ਹੈ ਕਿ ਨਹੀਂ ?"

"ਬੜਾ ਕਮਜੋਰ, ਮਰਨ ਵਾਲਾ ਹੋਇਆ ਹੋਇਆ ਹੈ? ਦੂਜੇ ਪਾਸੋਂ ਹੋਰ ਕੋਈ ਇੰਝ ਚੀਕ ਕੇ ਬੋਲਿਆ।

ਜੋ ਕੁਛ ਨਿਖਲੀਊਧਵ ਕਹਿ ਰਹਿਆ ਸੀ, ਮਸਲੋਵਾ ਸੁਣ ਨਹੀਂ ਸੀ ਸੱਕਦੀ———ਪਰ ਓਹਦੀ ਨੁਹਾਰ ਮੁਹਾਂਦਰੇ ਨੇ ਓਹਨੂੰ ਕੋਈ ਐਸੀ ਗੱਲ ਯਾਦ ਕਰਵਾ ਦਿੱਤੀ ਜਿਹਨੂੰ ਓਹ ਯਾਦ ਨਹੀਂ ਸੀ ਕਰਨਾ ਚਾਹੁੰਦੀ । ਉਹਦੇ ਮੂੰਹ ਥੀਂ ਓਹ ਮੁਸਕਰਾਹਟ ਉੱਡ ਗਈ ਤੇ ਦੁੱਖ ਦੀ ਇਕ

੪੨੯