ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/459

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਛਿਨ ਹੀ ਦਿਲ ਨੂੰ ਚੀਰ ਦੇਣ ਵਾਲੀਆਂ ਕਿਸੇ ਦੀਆ ਰੋਣ ਦੀਆਂ ਭੁੱਬਾਂ ਤੇ ਕੂਕਾਂ ਜਾਲੀਆਂ ਤੋਂ ਦੇ ਇਧਰ ਦੇ ਪਾਸੇ ਵੱਲ ਆ ਰਹੀਆਂ ਸਨ ।

ਨਿਖਲੀਊਧਵ ਨੂੰ ਸਭ ਕੁਛ ਅਨੋਖਾ ਤੇ ਓਪਰਾ ਲੱਗ ਰਹਿਆ ਸੀ, ਪਰ ਸਭ ਥੀਂ ਅਜੀਬ ਗੱਲ ਇਹ ਸੀ ਕਿ ਉਸਨੂੰ ਓਸ ਵੇਲੇ ਉਨ੍ਹਾਂ ਹੀ ਲੋਕਾਂ ਦਾ ਧੰਨਵਾਦੀ ਹੋਣਾ ਪੈ ਰਹਿਆ ਸੀ———ਇਨ੍ਹਾਂ ਇਨਸਪੈਕਟਰਾਂ ਤੇ ਚੀਫ ਜੇਲਰਾਂ ਦਾ———ਜੇਹੜੇ ਓਹ ਸਾਰੇ ਜੁਲਮ ਤੇ ਅੱਤਿਆਚਾਰ ਜੋ ਇਸ ਮਕਾਨ ਵਿੱਚ ਹੋ ਰਹੇ ਸਨ, ਕਰ ਰਹੇ ਸਨ । ਓਸ ਸਿਪਾਹੀ ਨੇ ਨਿਖਲੀਊਧਵ ਨੂੰ ਮਰਦਾਂ ਦੇ ਕਮਰੇ ਵਿੱਚੋਂ ਬਾਹਰ ਲੈਜਾ ਕੇ ਕੌਰੀਡੋਰ ਵਿੱਚ ਪਹੁੰਚਾਇਆ । ਉਸ ਤੋਂ ਅੱਗੇ ਸਿੱਧਾ ਸਾਹਮਣੇ ਪਾਰਲੇ ਪਾਸੇ ਦੇ ਦਰਵਾਜ਼ੇ ਵਿੱਚ ਦੀ ਲੰਘ ਕੇ ਤੀਮੀਆਂ ਵਾਲਾ ਪਾਸਾ ਆ ਜਾਂਦਾ ਸੀ ।

ਮਰਦਾਂ ਦੇ ਕਮਰੇ ਵਾਂਗ ਇਹ ਕਮਰਾ ਵੀ ਤਾਰ ਦੀਆਂ ਤਣੀਆਂ ਜਾਲੀਆਂ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਪਰ ਇਹ ਓਸ ਨਾਲੋਂ ਛੋਟਾ ਸੀ । ਇੱਥੇ ਕੈਦੀ ਵੀ ਥੋੜੇ ਤੇ ਮੁਲਾਕਾਤੀ ਲੋਕ ਵੀ ਘੱਟ ਸਨ । ਸ਼ੋਰ ਚੀਕ ਚਿਹਾੜਾ ਪਰ ਓਹੋ ਜੇਹਾ ਸੀ । ਸਰਕਾਰ ਦੀ ਤਾਕਤ ਉਸੀ ਤਰ੍ਹਾਂ ਦੋਹਾਂ ਜਾਲੀਆਂ ਦੇ ਵਿੱਚ ਵਿਚਕਾਹੇ ਦੀ ਟਹਿਲ ਰਹੀ ਸੀ, ਪਰ ਇੱਥੇ ਸਰਕਾਰ ਦੀ ਸ਼ਕਤੀ ਦੀ ਪ੍ਰਤੀਨਿਧ ਇਕ ਤੀਮੀਂ ਵਾਰਡ੍ਰੈਸ ਸੀ । ਇਹਦੀ ਵਰਦੀ ਇਕ ਨੀਲੇ ਕਿਨਾਰੇ ਵਾਲੀ ਜੈਕਟ ਸੀ, ਜਿਹਦੀਆਂ ਕਫਾ ਉੱਪਰ ਸੋਨੇ ਦਾ ਰੱਸਾ ਲੱਗਾ ਹੋਇਆ ਸੀ,

੪੨੫