ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/458

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਇਕ ਕੈਦੀ ਕਾਤਰੀਨਾ ਮਸਲੋਵਾ ਨਾਮੀ ਨੂੰ ਮਿਲਣਾ ਚਾਹੁੰਦਾ ਹਾਂ ।"

"ਕੀ ਓਹ ਮੁਲਕੀ ਕੈਦੀ ਹੈ ?"

"ਨਹੀਂ———ਓਹ ਨਿਰੀ......."

"ਅੱਛਾ ਜੀ———ਓਹ ਸਜ਼ਾਯਾਫ਼ਤਾ ਕੈਦੀ ਹੈ ?"

"ਜੀ ਪਰਸੋਂ ਹੀ ਓਹਨੂੰ ਸਜ਼ਾ ਹੋਈ ਹੈ," ਨਿਖਲੀਊਧਵ ਨੇ ਬੜੀ ਆਜਜ਼ੀ ਨਾਲ ਉੱਤਰ ਦਿੱਤਾ, ਤੇ ਇਸ ਡਰ ਕਰਕੇ ਓਹ ਹੋਰ ਵੀ ਮੁਲਾਇਮ ਹੋ ਰਹਿਆ ਸੀ ਕਿ ਮਤੇ ਕਿਧਰੇ ਇਹ ਇਨਸਪੈਕਟਰ ਜਿਹੜਾ ਚੰਗੀ ਤਬੀਅਤ ਵਿੱਚ ਆਇਆ ਓਸ ਵਲ ਨਜਰੇ ਇਨਾਇਤ ਕਰ ਰਹਿਆ ਸੀ, ਵਿਗੜ ਹੀ ਨਾ ਜਾਵੇ ।

"ਜੇ ਆਪ ਤੀਮੀਆਂ ਵੱਲ ਦੀ ਜਾਣਾ ਚਾਹੁੰਦੇ ਹੋ ਤੰਦ ਇਧਰ ਆਓ," ਓਸ ਅਫ਼ਸਰ ਨੇ ਕਹਿਆ ਤੇ ਓਹਨੇ ਨਿਖਲੀਊਧਵ ਦੀ ਸ਼ਕਲ ਸ਼ਬਾਹਤ ਥੀਂ ਹੀ ਜਾਣ ਲਇਆ ਸੀ ਕਿ ਓਸ ਵੱਲ ਕੁਛ ਖਾਸ ਧਿਆਨ ਦੇਣਾ ਚਾਹੀਦਾ ਹੈ———"ਹੇ ਸਿਧੇਰੋਵ ! ਇਸ ਭਲੇ ਪੁਰਸ਼ ਨੂੰ ਤੀਮੀਆਂ ਵਾਲੇ ਪਾਸੇ ਲੈ ਜਾਈਂ", ਓਸ ਅਫਸਰ ਨੇ ਇਕ ਮੁਛੈਲ ਜੇਹੇ ਸਿਪਾਹੀ ਵੱਲ ਜਿਹਦੀ ਛਾਤੀ ਉੱਤੇ ਕਈ ਤਮਗੇ ਲੱਗੇ ਹੋਏ ਸਨ, ਮੁਖਾਤਿਬ ਹੋ ਕੇ ਕਹਿਆ ।

"ਬਹੁਤ ਅੱਛਾ ਹਜੂਰ !"

੪੨੪