ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/454

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲਾ ਵੀ ਆਪਣੀ ਇਸੀ ਕੋਸ਼ਸ਼ ਵਿੱਚ ਸੀ ਤੇ ਇਸੇ ਫਿਕਰੇ ਕਰਕੇ ਦੋਵੇਂ ਜੋ ਕੁਛ ਉਨ੍ਹਾਂ ਪਾਸੋਂ ਹੋ ਸੱਕਦਾ ਸੀ, ਇਕ ਦੂਜੇ ਦੇ ਅਵਾਜ਼ ਨੂੰ ਡਬੋਣ ਦੀ ਕਰ ਰਹੇ ਸਨ, ਤੇ ਬਸ ਇਸ ਸਬੱਬ ਕਰਕੇ ਓਹ ਬਹੁਤਾ ਸ਼ੋਰ ਸੀ ਜਿਹੜਾ ਨਿਖਲੀਊਧਵ ਨੇ ਕਮਰੇ ਅੰਦਰ ਵੜਦਿਆਂ ਸਾਰ ਸੁਣਿਆ ਸੀ । ਉੱਥੇ ਕਿਸੀ ਦੀ ਗੱਲ ਸੁਣਨਾ ਨਾਮੁਮਕਿਨ ਸੀ। ਇਕ ਦੂਜੇ ਦੇ ਚਿਹਰੇ ਮੁਹਾਂਦਰੇ ਦੇਖਕੇ ਹੀ ਸੇਧਾਂ ਲਾ ਲੈਂਦੇ ਸਨ ਕਿ ਕੋਈ ਕੀ ਕਹਿ ਰਹਿਆ ਸੀ, ਤੇ ਉਨ੍ਹਾਂ ਮੂੰਹਾਂ ਦੀਆਂ ਹਾਲਤਾਂ, ਰੰਗਾਂ ਥੀਂ ਹੀ ਬੱਸ ਪਤਾ ਲੱਗਦਾ ਸੀ ਕਿ ਗੱਲਾਂ ਕਰਨ ਵਾਲਿਆਂ ਦੀ ਆਪੇ ਵਿੱਚ ਦੀ ਕੀ ਰਿਸ਼ਤੇਦਾਰੀਆਂ ਹਨ ਓਹ ਇਕ ਦੂਜੇ ਦੇ ਕੀ ਲੱਗਦੇ ਹਨ ।

ਨਿਖਲੀਊਧਵ ਨਾਲ ਪਰੇ ਕਰਕੇ ਇਕ ਬੁੱਢੀ ਤੀਮੀ ਰੋਮਾਲ ਸਿਰ ਤੇ ਬੱਧਾ ਖੜੀ ਸੀ । ਓਹ ਜਾਲੀ ਨਾਲ ਨਵੇਕਲੀ ਖੜੀ ਸੀ, ਤੇ ਇਕ ਪੀਲੇ ਮੂੰਹ ਵਾਲੇ ਗਭਰੂ ਨੂੰ ਕੁਛ ਲਲਕਾਰ ਲਲਕਾਰ ਕੇ ਕਹਿ ਰਹੀ ਸੀ । ਇਸ ਗਭਰੂ ਦਾ ਸਿਰ ਮੁੰਨਿਆ ਹੋਇਆ ਸੀ ਤੇ ਆਪਣੇ ਭਰਵੱਟੇ ਉੱਚੇ ਜੇਹੇ ਕਰਕੇ ਓਹਦੀ ਗੱਲ ਸੁਨਣ ਦੀ ਕਰ ਰਹਿਆ ਸੀ । ਉਸ ਬੁੱਢੀ ਦੇ ਲਾਗੇ ਹੀ ਇਕ ਗਭਰੂ ਕਿਰਸਾਨੀ ਕੋਟ ਪਾਇਆ ਹੋਇਆ ਖੜੋਤਾ ਸੀ ਜਿਹੜਾ ਆਪਣਾ ਸਿਰ ਬੜੀ ਬੇਚੈਨੀ ਨਾਲ ਹਿਲਾਉਂਦਾ ਆਪਣੇ ਜੇਹੇ ਇਕ ਹੋਰ ਗਭਰੂ ਦੀ ਗੱਲ ਸੁਣ ਰਹਿਆ ਸੀ। ਓਹਦੇ ਪਰੇ ਇਕ ਲੀਰਾਂ ਦੇ ਛੱਜ ਕੱਪੜੇ ਪਾਏ ਆਦਮੀ ਖੜਾ ਸੀ ਜਿਹੜਾ ਆਪਣੇ ਹੱਥ ਬਾਹਾਂ ਮਾਰ ਮਾਰ ਬੜਾ ਸ਼ੋਰ ਪਾ ਰਹਿਆ ਸੀ, ਤੇ ਨਾਲੇ ਹੱਸਦਾ ਵੀ ਜਾਂਦਾ

੪੨੦