ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/450

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਕੇ ਗਿਣੀ ਜਾਂਦੀ ਸੀ ਇਕ, ਦੋ, ਤਿੰਨ ਜਿਵੇਂ ਓਹ ਅੰਦਰ ਜਾਣ ਵਾਲੇ ਆ ਆਕੇ ਅੰਦਰ ਲੰਘ ਜਾਂਦੇ ਸਨ, ..... ਸੋਲਾਂ, ਸਤਾਰਾਂ......ਆਦਿ।

ਇਕ ਹੋਰ ਜੇਲਰ ਅੰਦਰ ਖੜਾ ਸੀ ਓਹ ਵੀ ਗਿਣੀ ਜਾਂਦਾ ਸੀ ਤੇ ਨਾਲੇ ਹਰ ਇਕ ਨੂੰ ਹੱਥ ਲਾਉਂਦਾ ਜਾਂਦਾ ਸੀ, ਜਿਵੇਂ ਓਹ ਜੇਲ ਦੇ ਅੰਦਰ ਦੇ ਦਰਵਾਜ਼ੇ ਥੀਂ ਅੰਦਰ ਵੜ੍ਹਦੇ ਸਨ । ਇਹ ਦੋਹਰੀ ਗਿਣਤੀ ਇਸ ਵਾਸਤੇ ਸੀ ਕਿ ਠੀਕ ਜਿੰਨੇ ਅੰਦਰ ਗਏ ਸਨੇ ਉੱਨੇ ਹੀ ਗਿਣ ਕੇ ਬਾਹਰ ਨਿਕਲਣ ਤੇ ਕੋਈ ਵਾਧੂ ਕੈਦੀ ਉਨ੍ਹਾਂ ਨਾਲ ਅਮਲਕਣੇ ਨਿਕਲ ਨ ਜਾਵੇ । ਓਸੇ ਜੇਲਰ ਨੇ, ਜਿਹੜਾ ਬਿਨਾਂ ਦੇਖੇ ਦੇ ਹੱਥ ਲਾ ਗਿਣੀ ਜਾਂਦਾ ਸੀ, ਨਿਖਲੀਊਧਵ ਦੀ ਕੰਡ ਉੱਪਰ ਇਕ ਥਾਪੜਾ ਦੇਕੇ ਓਹਨੂੰ ਗਿਣਿਆ। ਜੇਲਰ ਦੇ ਥੱਪੜ ਨਾਲ ਨਿਖਲੀਊਧਵ ਨੂੰ ਕੁਝ ਪੀੜ ਹੋਈ ਪਰ ਇਹ ਸੋਚ ਕੇ ਕਿ ਓਹ ਕਿਸ ਕੰਮ ਜੇਲ ਨੂੰ ਆਇਆ ਹੈ, ਓਹਨੂੰ ਆਪੇ ਵਿੱਚ ਕੁਝ ਸ਼ਰਮ ਜੇਹੀ ਆ ਗਈ ਕਿ ਓਹ ਕਿਸ ਨਾਲ ਗੁੱਸੇ ਹੋਵੇ ਤੇ ਹੁਣ ਕਿਸ ਗੱਲ ਦਾ ਗੁੱਸਾ ਕਰੇ !

ਇਨ੍ਹਾਂ ਅੰਦਰ ਦਾਖਿਲ ਹੋਣ ਵਾਲਿਆਂ ਦਰਵਾਜ਼ਿਆਂ ਦੇ ਪਿੱਛੇ, ਪਹਿਲਾ ਕੋਠਾ, ਇਕ ਬੜੀ ਉੱਚੀ ਗੁੰਬਦਦਾਰ ਛੱਤ ਵਾਲਾ ਕਮਰਾ ਸੀ, ਜਿਹਦੇ ਚੁਫੇਰੇ ਲੋਹੇ ਦੀਆਂ ਸਲਾਖਾਂ ਸਨ ਤੇ ਇਨ੍ਹਾਂ ਸੀਖਾਂ ਵਿੱਚ ਹੀ ਛੋਟੀਆਂ ਛੋਟੀਆਂ ਖਿੜਕੀਆਂ ਜੇਹੀਆਂ ਸਨ। ਇਸ ਕਮਰੇ ਵਿੱਚ ਜਿਹਦਾ ਨਾਂ ਮੁਲਾਕਾਤਾਂ ਵਾਲਾ

੪੧੬