ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/447

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਲਿਖ ਲੈਂਦਾ ਸੀ । ਨਿਖਲੀਊਧਵ ਵੀ ਉਸ ਪਾਸ ਗਇਆ ਤੇ ਕਾਤਰੀਨਾ ਮਸਲੋਵਾ ਇਹ ਨਾਂ ਉਹਨੂੰ ਦਿੱਤਾ । ਜੇਲਰ ਨੇ ਨਾਂ ਲਿਖ ਲਇਆ ।

"ਸਾਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ ?" ਨਿਖਲੀਊਧਵ ਨੇ ਪੁੱਛਿਆ ।

"ਰੱਬ ਦੀ ਸੇਵਾ ਸਤਿਸੰਗ ਹੋ ਰਹਿਆ ਹੈ ਜਦ ਗਿਰਜੇ ਦੀ ਮਾਸ ਪੂਜਾ ਖਤਮ ਹੋ ਜਾਵੇਗਾ, ਤੁਸਾਂ ਨੂੰ ਅੰਦਰ ਜਾਣਾ ਮਿਲੇਗਾ ।"

ਨਿਖਲੀਊਧਵ ਉਸ ਉਡੀਕਦੀ ਭੀੜ ਥੀਂ ਲਾਂਬੇ ਖੜਾ ਹੋ ਗਇਆ। ਇਕ ਨੰਗੇ ਪੈਰ, ਫਟੇ ਕੱਪੜੇ ਪਾਏ ਆਦਮੀ, ਜਿਹਦੀ ਟੋਪੀ ਮੜੀ ਮਰਾੜੀ ਹੋਈ ਸੀ ਤੇ ਓਹਦੇ ਚਿਹਰੇ ਉੱਪਰ ਲਾਲ ਝਰੀਟਾਂ ਜੇਹੀਆਂ ਪਈਆਂ ਹੋਈਆਂ ਸਨ, ਸਾਰੀ ਭੀੜ ਥੀਂ ਵੱਖਰਾ ਹੋਕੇ ਜੇਲ ਵਲ ਦੀ ਟੁਰ ਪਇਆ ।

"ਹੁਣ ਤੂੰ ਕਿੱਧਰ ਜਾਂਦਾ ਹੈਂ ?" ਬੰਦੂਕ ਵਾਲੇ ਸੰਤਰੀ ਨੇ ਲਲਕਾਰ ਕੇ ਪੁੱਛਿਆ———

"ਤੂੰ ਠੱਪਿਆ ਰਹੋ," ਓਸ ਅਵਾਰਾ ਗਰਦ ਨੇ ਉੱਤਰ ਦਿੱਤਾ———ਸੰਤਰੀ ਦੇ ਲਫਜ਼ਾਂ ਥੀਂ ਉੱਕਾ ਨਹੀਂ ਸੀ ਝਕਿਆ, ਪਰ ਤਾਂ ਵੀ ਮੁੜ ਪਇਆ ਤੇ ਕਹਿੰਦਾ ਗਇਆ "ਜੇ ਤੂੰ ਨਹੀਂ ਅੱਗੇ ਜਾਣ ਦਿੰਦਾ ਤਾਂ ਮੈਂ ਉਡੀਕ ਸੱਕਦਾ ਹਾਂ, ਪਰ ਨਹੀਂ, ਤੂੰ ਲਲਕਾਰਨਾ ਜਰੂਰ ਹੋਇਆ ਜਿਵੇਂ ਕੋਈ ਜਰਨੈਲ ਇਹੋ ਹੀ ਹੁੰਦਾ ਹੈ ।"

੪੧੩