ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/445

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਟੇ ਪੁਰਾਣੇ ਕੱਪੜੇ ਪਾਏ ਆਦਮੀ ਉੱਚੇ ਬੂਟ ਵੇਚਦੇ ਫਿਰਦੇ ਸਨ । ਇਹ ਬੂਟ ਉਨ੍ਹਾਂ ਆਪਣੀਆਂ ਕੱਛਾਂ ਵਿੱਚ ਮਾਰੇ ਹੋਏ ਸਨ, ਤੇ ਗੰਢੇ ਤਰੁੱਪੇ ਪਜਾਮੇ ਤੇ ਵਾਸਕਟਾਂ ਆਪਣੇ ਮੋਂਹਢਿਆਂ ਤੇ ਸੁੱਟੀ ਵੇਚੀ ਜਾਂਦੇ ਸਨ ।

ਕਾਰਖਾਨਿਆਂ ਥੀਂ ਛੁਟ ਮਰਦ ਸਾਫ ਕੋਟਾਂ ਤੇ ਚਮਕਦੇ ਬੂਟਾਂ ਵਿੱਚ ਓਸ ਦਿਨ ਐਤਵਾਰ ਹੋਣ ਕਰਕੇ, ਤੇ ਤੀਮੀਆਂ ਸ਼ੋਖ ਰੰਗ ਦੇ ਰੇਸ਼ਮੀ ਰੋਮਾਲ ਸਿਰਾਂ ਉੱਪਰ ਬੱਧੇ, ਤੇ ਕਾਲੀ ਕਿਨਾਰੀ ਵਾਲੇ ਸੂਤੀ ਜੈਕਟ ਪਾਏ, Traktirs ਦੀਆਂ ਦੁਕਾਨਾਂ ਤੇ ਭੀੜ ਲਾ ਰਹੇ ਸਨ । ਪੁਲਿਸ ਵਾਲੇ, ਪੀਲੇ ਬਿੱਲੇ ਲਾਏ, ਆਪਣੀ ਵਰਦੀ ਵਿੱਚ, ਪਸਤੌਲ, ਬਗਲ ਵਿੱਚ ਦਬਾਏ ਓਥੇ ਆਪਣਾ ਫਰਜ਼ ਪੂਰਾ ਕਰਨ ਲਈ ਹਾਜ਼ਰ ਸਨ ਤੇ ਢੂੰਡ ਰਹੇ ਸਨ ਕਿ ਕੋਈ ਫਸਾਦ ਹੋਵੇ ਤੇ ਉਸ ਅਮਨ ਜੇਹੇ ਦੀ ਬੇਮਜ਼ਗੀ ਵਿੱਚ ਕੁਝ ਸਵਾਦ ਆਣ ਲੱਗ ਜਾਏ । ਚੁਰਾਹੇ ਦੇ ਬਾਗਾਂ ਦੇ ਰਾਹਾਂ ਉੱਪਰ ਤੇ ਨਵੇਂ ਉੱਗੇ ਘਾਹਾਂ ਉੱਪਰ, ਬੱਚੇ ਤੇ ਕੁੱਤੇ ਦੌੜਦੇ ਖੇਡਦੋ ਸਨ । ਤੇ ਉਨ੍ਹਾਂ ਨਾਲ ਆਈਆਂ ਆਯਾ ਬੈਂਚਾਂ ਉੱਪਰ ਬੈਠੀਆਂ ਮਜ਼ੇ ਨਾਲ ਗਪੌੜੇ ਠੋਕ ਰਹੀਆਂ ਸਨ । ਗਲੀਆਂ ਵਿੱਚ ਦੀ,-ਜਿਹੜੀਆਂ ਸਾਏ ਵਾਲੇ ਪਾਸਿਓਂ ਹਾਲੇਂ ਵੀ ਗਿੱਲੀਆਂ ਸਨ ਪਰ ਵਿਚਕਾਰੋਂ ਸੁੱਕੀਆਂ ਪੱਕੀਆਂ ਸਨ, ਭਾਰੇ ਭਾਰੇ ਗੱਡੇ ਲਗਾਤਾਰ ਵਗ ਰਹੇ ਸਨ, ਬੱਘੀਆਂ ਦੀ ਕਾੜ ਕਾੜ ਹੋ ਰਹੀ ਸੀ, ਟਰੈਮਕਾਰਾਂ ਗੂੰਜਦੀਆਂ ਲੰਘ ਰਹੀਆਂ ਸਨ । ਉੱਪਰ ਹਵਾ ਵਿੱਚ ਗਿਰਜਿਆਂ ਦੀਆਂ ਘੰਟੀਆਂ ਦੀ ਟਨ ਟਨ ਦੀ ਆਵਾਜ਼ ਗੂੰਜ ਰਹੀ ਸੀ, ਓਥੇ ਲੋਕਾਂ ਨੂੰ ਰੱਬ ਦੀ ਸੇਵਾ ਸਤਸੰਗ ਲਈ ਬੁਲਾਇਆ ਜਾ ਰਹਿਆ ਸੀ। ਓਹੋ ਜੇਹੀ ਸੇਵਾ ਤੇ ਸਤ ਸੰਗ ਜਿਹੜੀ ਜੇਲ ਦੇ ਗਿਰਜੇ ਵਿਚ ਵੀ ਹੁਣ ਹੋ ਰਹੀ ਸੀ ਨਾਂ, ਤੇ

੪੧੧