ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/442

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹਨਾਂ ਗਿਲਟੀ ਬੁੱਤਾਂ, ਮੂਰਤੀਆਂ, ਇਹਨਾਂ ਪੌਸ਼ਾਕਾਂ, ਬੱਤੀਆਂ, ਪਿਆਲਿਆਂ, ਸਲੀਬਾਂ, ਤੇ ਇਹ ਨ ਸਮਝ ਆਣ ਵਾਲੇ ਲਫਜ਼ਾਂ ਦੇ ਗਾਣ ਦੁਹਰਾਣ ਵਿੱਚ, ਕੋਈ ਅਗੱਮੀ ਭੇਦ ਹੈ ਤੇ ਸ਼ਕਤੀ ਹੈ ਜਿਹਦੇ ਕਰਕੇ ਇਸ ਦੁਨੀਆਂ ਤੇ ਅਗਲੀ ਦੁਨੀਆਂ ਵਿੱਚ ਬਹੂੰ ਸਾਰਾ ਸੁਖ ਤੇ ਅਮਨ ਚੈਨ ਮਿਲੇਗਾ । ਸਿਰਫ ਥੋੜੇ ਜੇਹੇ ਸਨ ਜਿਹੜੇ ਸਾਫ ਦੇਖਦੇ ਸਨ ਕਿ ਇਹ ਅਡੰਬਰ ਇਕ ਧੋਖਾ ਹੈ ਜਿਹੜਾ ਓਹਨਾਂ ਨਾਲ ਕਮਾਇਆ ਜਾ ਰਹਿਆ ਹੈ ਜੋ ਇਸ ਈਮਾਨ ਦੇ ਪੈਰੋਕਾਰ ਹਨ, ਤੇ ਓਹ ਇਸ ਕਰਕੇ ਆਪਣੇ ਦਿਲਾਂ ਵਿੱਚ ਸਭ ਉੱਪਰ ਹੱਸ ਰਹੇ ਸਨ । ਤੇ ਪੈਰੋਕਾਰਾਂ ਵਿੱਚੋਂ ਬਾਹਲੇ ਕਈ ਤਰਾਂ ਦੇ ਹੰਬਲੇ ਮਾਰਕੇ ਵੀ———ਦੁਆ ਕਰਨਾ, ਬੱਤੀਆਂ ਦਾ ਜਗਾਣਾ, ਗਿਰਜੇ ਵਿੱਚ ਰੱਬ ਦੀ ਸੇਵਾ ਆਦਿ———ਕਿ ਉਹਨਾਂ ਦੀਆਂ ਦੁਆਵਾਂ, ਇੱਛਾਵਾਂ ਰੱਬ ਪੂਰੀਆਂ ਕਰ ਦੇਵੇ, ਤੇ ਮੁੜ ਇਨ੍ਹਾਂ ਦੁਆਵਾਂ ਦਾ ਜਦ ਕੋਈ ਵੀ ਫਲ ਓਹਨਾਂ ਨੂੰ ਨਹੀਂ ਸੀ ਮਿਲਦਾ, (ਉਨ੍ਹਾਂ ਦੀਆਂ ਦੁਆਵਾਂ ਦਾ ਉੱਤਰ ਕੋਈ ਨਹੀਂ ਸੀ ਮਿਲਦਾ) ਇਸ ਨਿਸਚੇ ਵਿੱਚ ਪੱਕੇ ਸਨ ਕਿ ਉਨ੍ਹਾਂ ਦੀ ਇਨ੍ਹਾਂ ਗੱਲਾਂ ਵਿੱਚ ਹੋਈ ਨਾਕਾਮਯਾਬੀ ਏਵੇਂ ਇਤਫਾਕੀਆ ਹੋਈ ਹੈ, ਤੇ ਇਹ ਬਣਤਰ ਇੰਨੀ ਵੱਡੀ ਗਿਰਜੇ ਦੀ ਕਾਇਆ ਜਿਹਨੂੰ ਪੜ੍ਹੇ ਲਿਖੇ ਮੰਨਦੇ ਹਨ, ਜਿਸ ਅੱਗੇ ਬੜੇ ਬੜੇ ਲਾਟ ਪਾਦਰੀ ਨਿੰਵਦੇ ਹਨ, ਹੈਂ, ਭਾਈ, ਕੋਈ ਬੜੀ ਭਾਰੀ ਤੇ ਜਰੂਰੀ ਚੀਜ਼ ਹੈ, ਤੇ ਜੇ ਇਸ ਜ਼ਿੰਦਗੀ ਵਿੱਚ ਇਹਦਾ ਕੋਈ ਫ਼ਾਇਦਾ ਵੀ ਨ ਹੋਵੇ ਤਾਂ ਮੌਤ ਥੀਂ ਬਾਹਦ ਜ਼ਿੰਦਗੀ ਵਿੱਚ ਤਾਂ ਇਹ ਬੜੀ ਸਾਡੀ ਸਹਾਇਕ ਹੋਵੇਗੀ ।

ਮਸਲੋਵਾ ਦਾ ਯਕੀਨ ਵੀ ਕੁਛ ਇਸੇ ਪਾਸੇ ਦਾ ਸੀ।

੪੦੮