ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/441

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਮਨਾਂ ਵਿੱਚ ਮੱਧਮ ਮਿੱਸੀ ਜੇਹੀ ਤਰਾਂ ਸਮਝਦੇ ਸਨ, ਉਹ ਆਪ ਨਹੀਂ ਸਨ ਦੱਸ ਸੱਕਦੇ, ਕਿ ਇਹੋ ਧਰਮ ਹੈ ਜਿਹੜਾ ਉਨ੍ਹਾਂ ਦੇ ਬੇਤਰਸ ਰੋਜਗਾਰ ਨੂੰ ਆਪਣਾ ਆਸਰਾ ਦੇਈ ਚਲਾ ਜਾਂਦਾ ਸੀ । ਜੇ ਇਹ ਧਰਮ ਨ ਹੁੰਦਾ ਤਦ ਉਨ੍ਹਾਂ ਲਈ ਬੜੀ ਮੁਸ਼ਕਲ ਹੁੰਦੀ ਨ ਹੀ ਇਸ ਧਰਮ ਦੀ ਦਿੱਤੀ ਓਟ ਬਿਨਾ ਓਹਨਾਂ ਲਈ ਮੁਮਕਿਨ ਹੁੰਦਾ ਕਿ ਉਹ ਇਸ ਤਰਾਂ, ਇਸ ਨੀਮਰਾਜ਼ੀ, ਚੁੱਪ ਹੋਈ ਆਪਣੀ ਜ਼ਮੀਰ ਨਾਲ ਆਪਣੀਆਂ ਸਾਰੀਆਂ ਤਾਕਤਾਂ ਮਖਲੂਕ ਉੱਪਰ ਜੁਲਮ ਕਰਨ ਲਈ ਖਰਚ ਕਰ ਸੱਕਦੇ ਜਿਸ ਤਰਾਂ ਹੁਣ ਓਹ ਕਰ ਰਹੇ ਸਨ । ਇਨਸਪੈਕਟਰ ਆਪਣੇ ਸੁਭਾ ਕਰਕੇ ਹੀ ਐਸਾ ਦਇਆਵਾਨ ਬੰਦਾ ਸੀ ਜੇ ਇਸ ਧਰਮ ਦੀ ਟੇਕ ਓਹਨੂੰ ਨਾਹ ਹੋਵੇ ਤਦ ਓਹ ਕਦੀ ਇਹੋ ਜੇਹੀ ਜ਼ਿੰਦਗੀ ਬਸਰ ਨ ਕਰ ਸੱਕਦਾ ਜਿਹੜੀ ਓਹ ਹੁਣ ਇਓਂ ਕਰ ਰਹਿਆ ਸੀ । ਇਸ ਵਾਸਤੇ ਉਹ ਗਿਰਜੇ ਵਿੱਚ ਚੁੱਪ ਅਹਿਲ ਤੇ ਸਵਾਧਾਨ ਖੜਾ ਸੀ, ਮੱਥਾ ਟੇਕਦਾ ਜਾਂਦਾ ਸੀ ਤੇ ਬੜੀ ਸ਼ਰਮ ਨਾਲ ਆਪਣੇ ਉੱਪਰ ਸਲੀਬ ਦਾ ਨਿਸ਼ਾਨ ਖਿੱਚੀ ਜਾਂਦਾ ਸੀ ਤੇ ਇਸ ਕੋਸ਼ਿਸ਼ ਵਿੱਚ ਸੀ ਕਿ ਓਹ ਸਭ ਨੂੰ ਇਹ ਦਸ ਸਕੇ ਕਿ ਜਿਸ ਵੇਲੇ ਦੇਵਤਿਆਂ ਦੀ ਸਿਫਤ ਦਾ ਗਾਣ ਹੁੰਦਾ ਸੀ, ਉਸਦਾ ਓਹਦੇ ਮਨ ਉੱਪਰ ਬੜਾ ਸੋਹਣਾ ਅਸਰ ਹੁੰਦਾ ਸੀ । ਓਹਦੇ ਨੈਣ ਸਜਲ ਹੋ ਜਾਂਦੇ ਸਨ, ਤੇ ਜਦ ਬੱਚੇ ਆ ਕੇ ਰੱਬ ਨਾਲ ਅਭੇਦਤਾ ਚਾਹ ਰਹੇ ਸਨ ਤਦ ਓਸਨੇ ਇਕ ਨੂੰ ਚੱਕ ਲਇਆ ਸੀ ਤੇ ਆਪਣੇ ਕੁਛੜ ਚਾ ਕੇ ਪਾਦਰੀ ਦੇ ਪੇਸ਼ ਕੀਤਾ ਸੀ ।

ਕੈਦੀਆਂ ਦੀ ਬਹੁ ਗਿਣਤੀ ਐਸੀ ਸੀ ਜੋ ਮੰਨਦੇ ਸਨ ਕਿ

੪੦੭