ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/439

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਸਾ ਰਹੇ ਸਨ, ਤੇ ਇਉਂ ਫਸਾਣ ਕਰਕੇ ਉਨ੍ਹਾਂ ਬਾਲਕਾਂ ਨੂੰ ਰੱਬ ਦੀ ਸਭ ਥੀਂ ਵੱਡੀ ਬਰਕਤ ਥੀਂ ਮਹਿਰੂਮ ਕਰ ਰਹੇ ਸਨ ਤੇ ਇਉਂ ਉਨ੍ਹਾਂ ਨੂੰ ਵਧ ਥੀਂ ਵਧ ਜ਼ਾਲਮਾਨਾ ਦੁਖ ਦੇ ਸ਼ਿਕਾਰ ਬਣਾ ਰਹੇ ਸਨ ਤੇ ਈਸਾ ਨੇ ਰੱਬ ਦੀ ਖੁਸ਼ੀ ਭਰੀ ਸੋ ਜਿਹੜੀ ਆਣ ਕੇ ਦਿੱਤੀ ਸੀ ਉਹ ਸੋ ਇਨ੍ਹਾਂ ਥੀਂ ਉੱਕਾ ਲੁਕਾ ਛੁਪਾ ਰਹੇ ਸਨ । ਇਹ ਖਿਆਲ ਕਿਸੀ ਦੇ ਮਨ ਵਿੱਚੋਂ ਉੱਕਾ ਲੰਘਿਆ ਹੀ ਨਹੀਂ ਸੀ ।

ਪਾਦਰੀ ਤਾਂ ਆਪਣੀ ਖਾਮੋਸ਼ ਹੋਈ ਮੋਈ ਜ਼ਮੀਰ ਨਾਲ ਆਪਣਾ ਪਾਰਟ ਕਰੀ ਗਇਆ, ਕਿਉਂਕਿ ਬਾਲਪਣੇ ਥੀਂ ਓਹਨੂੰ ਇਓਂ ਹੀ ਸਿਖਾਇਆ ਪੜ੍ਹਾਇਆ ਗਇਆ ਸੀ, ਕਿ ਬਸ ਇਹ ਇੱਕੋ ਇਕ ਹੀ ਸੱਚਾ ਸਿਦਕ ਤੇ ਈਮਾਨ ਹੈ । ਕੁਲ ਸਨਾਤਨ ਵਕਤਾਂ ਦਾ ਬੜੇ ਬਜ਼ੁਰਗਾਂ ਤੇ ਪਾਰਸਾ ਲੋਕਾਂ ਦਾ ਇਹੋ ਸਿਦਕ ਹੋ ਗੁਜਰਿਆ ਹੈ ਤੇ ਹੁਣ ਤਕ ਇਹੋ ਧਰਮ ਚਲਾ ਜਾਂਦਾ ਹੈ। ਰਾਜ ਦਰਬਾਰ ਦਾ ਧਰਮ ਈਮਾਨ ਵੀ ਇਹੋ ਹੈ । ਰਾਜ ਦਰਬਾਰ ਇਹਦੇ ਪਿੱਛੇ ਹੀ ਖੜਾ ਹੈ । ਓਹ ਆਪ ਤਾਂ ਇਹ ਯਕੀਨ ਨਹੀਂ ਸੀ ਕਰਦਾ ਨ ਕਰ ਸੱਕਦਾ ਕਿ ਇਕ ਰੋਟੀ ਦਾ ਟੁਕੜਾ ਮਾਸ ਵਿੱਚ ਬਦਲ ਜਾਂਦਾ ਹੈ ਯਾ ਅੰਗੂਰੀ ਸ਼ਰਾਬ ਇਓਂ ਲਹੂ ਵਿੱਚ ਵਟ ਜਾਂਦੀ ਹੈ ਯਾ ਕਿ ਇੰਨਾ ਬੋਲਣਾ ਤੇ ਇੰਨੇ ਵੱਡੇ ਵੱਡੇ ਓਪਰੇ ਲਫਜਾਂ ਦਾ ਕਹਿਣਾ ਰੂਹ ਲਈ ਚੰਗੇ ਹੁੰਦੇ ਹਨ, ਯਾ ਇਓਂ ਕਰਕੇ ਸੱਚੀਂ ਮੁੱਚੀਂ ਉਸ ਰੱਬ ਦਾ ਕੋਈ ਟੁਕੜਾ ਨਿਗਲਿਆ ਹੈ । ਉਹ ਕੀ———ਕੋਈ ਵੀ ਇਹੋ ਜੇਹਾ ਯਕੀਨ ਨਹੀਂ ਸੀ ਕਰ ਸੱਕਦਾ ਪਰ ਓਹ ਇਹ ਮੰਨਦਾ ਸੀ ਕਿ ਸਭ ਨੂੰ ਇਓਂ ਯਕੀਨ ਜਰੂਰੀ ਕਰਨਾ ਚਾਹੀਏ । ਇਸ ਮੰਨਣ ਵਿੱਚ ਜਿਹੜੀ ਗੱਲ

੪੦੫