ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/438

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਵੇ ਜਿਵੇਂ ਇਹ ਧੂਰਤ ਲੋਕੀ ਇੱਥੇ ਕਰ ਰਹੇ ਸਨ । ਸਗੋਂ ਉਸਨੇ ਤਾਂ ਮਨਹ ਕੀਤਾ ਸੀ ਕਿ ਕੋਈ ਕਿਸੇ ਨੂੰ ਦੁੱਖ ਨੂੰ ਦੇਵੇ, ਕੋਈ ਹਿੰਸਾ ਨ ਕਰੇ । ਓਹ ਤਾਂ ਕਹਿੰਦਾ ਹੁੰਦਾ ਸੀ ਕਿ ਓਹ ਕੈਦੀਆਂ ਨੂੰ ਆਜ਼ਾਦੀ ਦੇਣ ਆਇਆ ਸੀ ।

ਓਥੇ ਹਾਜ਼ਰ ਹੋਏ ਬੰਦਿਆਂ ਵਿੱਚੋਂ ਕੋਈ ਵੀ ਇਸ ਗੱਲ ਦਾ ਜਾਣੂ ਨਹੀਂ ਸੀ ਕਿ ਜੋ ਕੁਛ ਵੀ ਕਰਤੂਤ ਓਥੇ ਹੋ ਰਹੀ ਸੀ ਉਹ ਕੁਫਰ ਹੈ ਤੇ ਓੱਥੇ ਉਹ ਈਸਾ ਦਾ ਇਕ ਮਖੌਲ ਉਡਾ ਰਹੇ ਹਨ, ਜਿਹਦਾ ਨਾਂ ਲੈਕੇ ਉਹ ਇਹ ਸਭ ਕੁਛ ਕਰ ਰਹੇ ਸਨ । ਕੋਈ ਵੀ ਓਥੇ ਇਹ ਅਨਭਵ ਕਰਦਾ ਪ੍ਰਤੀਤ ਨਹੀਂ ਸੀ ਹੁੰਦਾ, ਕਿ ਉਹ ਗਿਲਟੀ ਸਲੀਬ, ਜਿਹਦੇ ਦੋਹਾਂ ਸਿਰਿਆਂ ਉੱਪਰ ਈਸਾ ਦੀ ਮੂਰਤੀ ਸੀ, ਤੇ ਜਿਹੜੇ ਪਾਦਰੀ ਲੋਕਾਂ ਅੱਗੇ ਕਰੀ ਜਾਂਦਾ ਸੀ ਕਿ ਉਹਨੂੰ ਉਹ ਚੁੰਮਣ, ਹੋਰ ਕੁਛ ਵੀ ਨਹੀਂ ਸੀ, ਨਿਰਾ ਉਸ ਫਾਂਸੀ ਦਾ ਚਿੰਨ੍ਹ ਰੂਪ ਸੀ ਜਿਸ ਉੱਪਰ ਲਟਕਾ ਕੇ ਲੋਕਾਂ ਨੇ ਈਸਾ ਨੂੰ ਮਾਰ ਮੁਕਾਇਆ ਸੀ, ਤੇ ਕਿਸ ਗੁਨਾਹ, ਕਿਸ ਦੋਸ ਲਈ ?———ਬੱਸ ਇਸ ਗੁਨਾਹ ਲਈ ਕਿ ਉਸ ਨੇ ਲੋਕਾਂ ਦੀਆਂ ਇਹੋ ਜੇਹੀਆਂ ਕਰਤੂਤਾਂ ਨੂੰ ਨਿੰਦਿਆ ਸੀ ਜਿਹੜੀਆਂ ਉਸ ਵੇਲੇ ਇਹ ਲੋਕੀ ਉੱਥੇ ਕਰ ਰਹੇ ਸਨ । ਇਹ ਮੁਲਾਣੇ ਤੇ ਪਾਦਰੀ ਜਿਹੜੇ ਇਹ ਚਿਤਵਨੀ ਕਰ ਰਹੇ ਸਨ ਕਿ ਉਸ ਰੋਟੀ ਤੇ ਸ਼ਰਾਬ ਦੀ ਸ਼ਕਲ ਵਿੱਚ ਈਸਾ ਦਾ ਮਾਸ ਖਾ ਰਹੇ ਹਨ ਤੇ ਉਹਦਾ ਲਹੂ ਪੀ ਰਹੇ ਹਨ, ਦਰਹਕੀਕਤ ਆਪ ਪਾਪੀ ਹਨ, ਉਹਦਾ ਮਾਸ ਖਾਣ ਤੇ ਲਹੂ ਪੀਣ ਦੇ ਦੋਸ ਦੇ ਪਾਪੀ ਨਹੀਂ ਸਗੋਂ ਇਸ ਦੋਸ ਦੇ ਦੋਸੀ ਹਨ ਕਿ ਉਹ ਇੰਨਾਂ ਨਿੱਕਿਆਂ ਨਿੱਕਿਆਂ ਬਾਲਕਾਂ ਨੂੰ ਜਿਨ੍ਹਾਂ ਨਾਲ ਈਸਾ ਇੰਨਾਂ ਅਭੇਦ ਹੋ ਪਿਆਰ ਕਰਦਾ ਸੀ ਇਕ ਗੁਮਰਾਹੀ ਤੇ ਗਲਤ ਫਹਿਮੀ ਵਿੱਚ

੪੦੪