ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/434

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਪਰ ਸਿਰ ਧਰ ਕੇ ਮੱਥਾ ਟੇਕਿਆ, ਤੇ ਉਸ ਪਿੱਛੇ ਹਰ ਇਕ ਨੇ ਟੇਕਿਆ, ਇਨਸਪੈਕਟਰ ਵਾਰਡਰਾਂ ਨੇ, ਕੈਦੀਆਂ ਨੇ, ਓਸੇ ਵਾਂਗ ਮੱਥਾ ਟੇਕਿਆ, ਤੇ ਉੱਪਰੋਂ ਜ਼ੰਜੀਰਾਂ ਬੇੜੀਆਂ ਦੇ ਖੜਾਕ ਕੁਛ ਜ਼ਿਆਦਾ ਸੁਣਾਈ ਦੇਂਦੇ ਸਨ । ਫਿਰ ਪਾਦਰੀ ਕਹੀ ਗਇਆ, "ਤਾਕਤਾਂ ਦੇ ਮਾਲਕ ! ਦੇਵਤਿਆਂ ਦੇ ਕਾਦਰ, ਈਸਾ, ਸਭ ਥਾਂ ਵਧ ਅਚਰਜ ਮੂਰਤ ਸਾਡੇ ਪਿਓ ਦਾਦੇ ਦੇ ਮੁਕਤੀ ਦਾਤਾ, ਸਭ ਥੀਂ ਮਿੱਠੇ ਈਸਾ, ਸਭ ਬਜ਼ੁਰਗਾਂ ਦੇ ਸ਼ਲਾਘਾਯੋਗ ਪੁਰਸ਼, ਸਭ ਥੀਂ ਵਧ ਨੂਰ ਭਰਪੂਰ ਈਸਾ, ਬਾਦਸ਼ਾਹਾਂ ਦੀ ਤਾਕਤ ਸਭ ਥੀਂ ਚੰਗੇ ਈਸਾ, ਪੈਗੰਬਰਾਂ ਦੀ ਪੂਰਣਤਾ ਈਸਾ, ਸਭ ਥੀਂ ਵੱਡੇ ਵਿਸਮਾਦ ਸ਼ਹੀਦਾਂ ਦੀ ਤਾਕਤ ਈਸਾ, ਸਭ ਥੀਂ ਵਧ ਗਰੀਬ ਸਾਧਾਂ ਦੇ ਅਨੰਦ ਈਸਾ, ਸਭ ਥੀਂ ਵਧ ਰਹਿਮ ਵਾਲੇ ਪਾਦਰੀਆਂ ਦੀ ਮਿਠੱਤਾ ਈਸਾ, ਸਭ ਥੀਂ ਵੱਡੇ ਦਯਾਵਾਨ ਪਰਸ਼, ਬਰਤ ਰੱਖਣ ਵਾਲਿਆਂ ਦੇ ਧੀਰਜ, ਬ੍ਰਹਮਚਾਰੀਆਂ ਦਾ ਬ੍ਰਹਮਚਰਜ ਗੁਨਹਾਂਗਾਰਾਂ ਦੀ ਮੁਕਤੀ ਈਸਾ, ਰੱਬ ਦੇ ਬੇਟੇ ਮੇਰੇ ਉੱਪਰ ਦਯਾ ਕਰ ।"

ਹਰ ਵਾਰੀ ਜਦ ਓਹ ਸ਼ਬਦ ਈਸਾ ਉਚਾਰਦਾ ਸੀ ਉਹਦੀ ਆਵਾਜ਼ ਸੱਰਰ ਮੱਰਰ ਕੁਛ ਕਰਨ ਲੱਗ ਜਾਂਦੀ ਸੀ । ਆਖਰ ਚੁਪ ਹੋ ਗਇਆ, ਤੇ ਆਪਣੀ ਰੇਸ਼ਮ ਦੀ ਅਸਤਰ ਵਾਲੀ ਰੂਸੀ ਪੋਸ਼ਾਕ ਚੱਕ ਕੇ ਇਕ ਗੋਡੇ ਭਾਰ ਹੋਕੇ ਓਹਨੇ ਆਪਣਾ ਮਸਤਕ ਜਿਮੀਂ ਤੱਕ ਨਿਵਾਇਆ । ਜੋੜੀਆਂ ਵਾਲੇ ਰਾਗੀ ਇਹ ਉਹਦੇ ਲਫਜ਼ ਚੱਕ ਕੇ ਗਾਣ ਲੱਗ ਪਏ:——— "ਈਸਾ, ਰੱਬ ਦੇ ਬੇਟੇ ਮੇਰੇ ਤੇ ਦਯਾ ਕਰ———" ਤੇ ਕੈਦੀ ਵੀ ਝੁਕ ਗਏ, ਤੇ ਫੇਰ ਉੱਠੇ ਤੇ ਆਪਣੇ ਵਾਲ ਜਿੰਨੇ ਕੂ ਉਨ੍ਹਾਂ ਦੇ ਸਿਰਾਂ ਉੱਪਰ ਰਹਿ ਗਏ ਸਨ ਮੌੜ ਕੇ ਪਿੱਛੇ ਸੁਟਦੇ ਸਨ, ਤੇ ਜੰਜੀਰਾਂ ਬੇੜੀਆਂ ਖੜਕਾਂਦੇ ਸਨ ।

੪੦੦