ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/431

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਸ਼ਕਲ ਪਈ ਹੋਈ ਸੀ, ਆਪਣੀਆਂ ਬਾਹਾਂ ਬਾਕਾਇਦਾ ਕਦੀ ਉੱਪਰ ਚੱਕਦਾ ਸੀ, ਕਦੀ ਤਲੇ ਕਰਦਾ ਸੀ, ਕਦੀ ਗੋਡਿਆਂ ਭਾਰ ਹੋ ਜਾਂਦਾ ਸੀ, ਤੇ ਮੇਜ਼ ਨੂੰ ਤੇ ਉਸ ਪਰ ਜੋ ਕੁਝ ਪਇਆ ਸੀ, ਓਹਨੂੰ ਚੁੰਮਦਾ ਸੀ; ਤੇ ਖਾਸ ਅਮਲ ਓਹ ਇਹ ਕਰ ਰਹਿਆ ਸੀ ਕਿ ਓਹ ਇਕ ਕੱਪੜੇ ਨੂੰ ਦੋਹਾਂ ਨੁਕਰਾਂ ਥੀਂ ਫੜਕੇ ਇਕ ਤਾਲ ਜੇਹੇ ਵਿੱਚ ਉਸ ਚਾਂਦੀ ਦੀ ਤਸ਼ਤਰੀ ਤੇ ਉਸ ਸੋਨੇ ਦੇ ਪਿਆਲੇ ਉੱਪਰ ਹਿਲਾਂਦਾ ਸੀ । ਤੇ ਇਹ ਮੰਨ ਲਇਆ ਹੋਇਆ ਸੀ ਕਿ ਠੀਕ ਇਸ ਘੜੀ ਓਹ ਰੋਟੀ ਤੇ ਸ਼ਰਾਬ, ਮਾਸ ਤੇ ਖੂਨ ਵਿੱਚ ਬਦਲ ਜਾਂਦੇ ਸਨ, ਇਸ ਵਾਸਤੇ ਸੇਵਾ ਦਾ ਇਹ ਹਿੱਸਾ ਓਹ ਪਾਦਰੀ ਭਾਰੀ ਸੰਜੀਦਗੀ ਨਾਲ ਨਿਬਾਹੁੰਦਾ ਸੀ ।

"ਹੁਣ ਇਸਨੂੰ ਅਸੀਸ ਲਈ, ਲਓ ਨਾਮ ਓਸ ਸਭ ਥਾਂ ਪਵਿਤ੍ਰ, ਸਭ ਥੀਂ ਪਾਕ ਰੱਬ ਦੀ ਮਾਂ ਦਾ," ਪਾਦਰੀ ਓਸ ਸੁਨਹਿਰੀ ਪਰਦੇ ਦੇ ਪਿੱਛੋਂ ਦੀ ਉੱਚੀ ਆਵਾਜ਼ ਨਾਲ ਲਲਕਾਰਿਆ, ਜਿਹੜਾ ਪਰਦਾ ਗਿਰਜੇ ਦੇ ਓਸ ਹਿੱਸੇ ਨੂੰ ਹੋਰ ਸਭ ਥੀਂ ਵੱਖਰਾ ਕਰਦਾ ਸੀ । ਤੇ ਗਾਣ ਵਾਲੇ ਜੋਟੀਦਾਰ ਗਾਣ ਲੱਗ ਪਏ ਕਿ ਕਰੋ ਓਸ ਕੰਵਾਰੀ ਮੇਰੀ ਦੀ ਸਿਫਤ ਸਲਾਹ ਜਿਸ ਈਸਾ ਨੂੰ ਆਪਣੀ ਕੰਵਾਰੀ ਕੁੱਖ ਵਿੱਚ ਧਾਰਨ ਕੀਤਾ ਤੇ ਈਸਾ ਨੂੰ ਬਿਨਾਂ ਆਪਣਾ ਕੰਵਾਰਪਨ ਖੋਹਣ ਦੇ ਜਨਮ ਦਿੱਤਾ । ਇਸ ਵਾਸਤੇ ਓਹਦਾ ਸਤਿਕਾਰ ਹੋਰ ਹਰ ਕਿਸਮ ਦੇ ਫ਼ਰਿਸ਼ਤੇ ਥੀਂ ਵੱਡਾ ਹੈ ਉਹਦੀ ਸ਼ਾਨ ਹਰ ਕਿਸਮ ਦੇ ਦੇਵੀ ਦੇਵਤੇ ਥੀਂ ਉੱਚੀ ਹੈ———ਗਾਓ ਉਸਦੀ ਸਿਫਤ ਗਾਓ । ਇਉਂ ਕਰਨ ਦੇ ਪਿੱਛੋਂ ਰੋਟੀ ਦਾ ਮਾਸ ਤੇ ਸ਼ਰਾਬ ਦੇ ਰੱਬ ਦੇ ਖੂਨ ਵਿੱਚ ਬਦਲ ਜਾਣਾ ਪੂਰਣ ਹੋ ਗਇਆ ਸਮਝਿਆ

੩੯੭