ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/425

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲੀਆਂ ਗਈਆਂ । ਉੱਥੇ ਫਿਰ ਉਹ ਲਾਲ ਵਾਲਾਂ ਵਾਲੀ ਇਕ ਹੋਰ ਕੋਠੜੀ ਥੀਂ ਆਈ ਤੀਮੀਂ ਨਾਲ ਲੜ ਪਈ । ਫਿਰ ਓਹੋ ਚੀਖ ਚਿਹਾੜਾ, ਗਾਲਾਂ ਤੇ ਖੁੱਲੇ !

"ਕੀ ਤੁਸੀ ਇਕੱਲੀ ਕੋਠੜੀ ਵਿੱਚ ਜਾਣਾ ਚਾਹੁੰਦੀਆਂ ਹੋ ?" ਇਕ ਬੁੱਢੇ ਜੇਲਰ ਨੇ ਲਲਕਾਰਕੇ ਕਹਿਆ ਤੇ ਲਾਲ ਵਾਲਾਂ ਵਾਲੀ ਦੀ ਨੰਗੀ ਮੋਟੀ ਗਰਦਨ ਤੇ ਇਕ ਚਪੇੜ ਐਸੀ ਸੀ ਕਿ ਸਾਰਾ ਕੌਰੀਡੋਰ ਗੂੰਜ ਗਇਆ । "ਫਿਰ ਇਹ ਸ਼ਕਾਇਤ ਤੇਰੀ ਮੈਨੂੰ ਕਦੀ ਨ ਸੁਣਨੀ ਪਵੇ !"

"ਹਾਇ ਰੱਬਾ ! ਆਹ ਤੱਕੋ ! ਇਹ ਬੁੱਢਾ ਵੀ ਤੀਮੀਆਂ ਨਾਲ ਛੇੜਖਾਨੀ ਕਰ ਰਹਿਆ ਜੇ," ਤਾਂ ਉਸ ਤੀਮੀਂ ਨੇ ਕਹਿਆ । ਉਹਦਾ ਧੱਪਾ ਇਕ ਲਾਡ ਸਮਝਣ ਦੀ ਕੀਤੀ ।

"ਹੁਣ ਫਿਰ ਛੇਤੀ ਕਰੋ, ਗਿਰਜੇ ਵਿੱਚ ਸਤਸੰਗ ਨੂੰ ਜਾਣਾ ਹੈ ।"

ਮਸਲੋਵਾ ਨੂੰ ਮਸੇਂ ਕੱਪੜੇ ਪਾਣ ਤੇ ਵਾਲ ਵਾਹਣ ਦਾ ਵਕਤ ਮਿਲਿਆ ਸੀ, ਕਿ ਇਨਸਪੈਕਟਰ ਆਪਣੇ ਅਸਟੰਟਾਂ ਸਮੇਤ ਆ ਗਇਆ ।

"ਮੁਆਇਨੇ ਲਈ ਬਾਹਰ ਚੱਲੋ," ਜੇਲਰ ਨੇ ਕਹਿਆ ।

ਸਾਰੀਆਂ ਕੈਦੀ ਤੀਮੀਆਂ ਆਪਣੀ ਆਪਣੀ ਕੋਠੀ ਵਿੱਚੋਂ ਬਾਹਰ ਆਈਆਂ ਤੇ ਕੌਰੀਡੋਰ ਦੇ ਵਿੱਚ ਦੋ ਕਿਤਾਰਾਂ ਵਿੱਚ ਖੜੀਆਂ ਹੋ ਗਈਆਂ ਤੇ ਪਿਛਲੀ ਕਤਾਰ ਵਾਲੀਆਂ ਤੀਮੀਆਂ

੩੯੧