ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/389

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੪

ਨਿਖਲੀਊਧਵ ਜਦ ਕਚਹਿਰੀ ਪੁਹਤਾ, ਕਲ ਵਾਲੇ ਅਸ਼ਰ ਨੂੰ ਕੌਰੀਡੋਰ ਵਿੱਚ ਹੀ ਮਿਲ ਪਇਆ ਤੇ ਓਹਨੂੰ ਪੁੱਛ ਕੀਤੀ ਕਿ ਕੱਲ ਵਾਲੇ ਸਜ਼ਾ ਯਾਫਤਾ ਮੁਲਜ਼ਿਮ ਕਿੱਥੇ ਰੱਖੋ ਗਏ ਹਨ ਤੇ ਕਿਹਦੀ ਇਜਾਜ਼ਤ ਦੀ ਲੋੜ ਹੁੰਦੀ ਹੈ ਜੇ ਕਿਸੇ ਨੂੰ ਉਨ੍ਹਾਂ ਨੂੰ ਜਾ ਕੇ ਮਿਲਣਾ ਹੋਵੇ । ਅਸ਼ਰ ਨੇ ਉੱਤਰ ਦਿੱਤਾ ਕਿ ਇਹੋ ਜੇਹੇ ਦੋਸੀ ਵਖਰੀਆਂ ਵਖਰੀਆਂ ਥਾਵਾਂ ਤੇ ਰੱਖੇ ਜਾਂਦੇ ਹਨ ਜਦ ਤਕ ਉਨ੍ਹਾਂ ਨੂੰ ਪੱਕੇ ਹੁਕਮ ਨ ਪਹੁੰਚ ਜਾਣ ਉਨ੍ਹਾਂ ਨੂੰ ਪ੍ਰੋਕਿਊਰਰ* ਦੀ ਇਜਾਜ਼ਤ ਲੈਕੇ ਆਦਮੀ ਮਿਲ ਸੱਕਦੇ ਹਨ ।

"ਜਦ ਅਦਾਲਤ ਹੋ ਚੁਕੇਗੀ, ਮੈਂ ਆਪ ਨਾਲ ਆਵਾਂਗਾ ਤੇ ਕੱਠੇ ਪ੍ਰੋਕਿਊਰਰ ਦੇ ਚਲੇ ਚੱਲਾਂਗੇ । ਹਾਲੇਂ ਅਜੇ ਉਹ ਇੱਥੇ ਹੈ ਵੀ ਨਹੀਂ, ਤੇ ਹੁਣ ਆਪ ਕਿਰਪਾ ਕਰਕੇ ਅੰਦਰ ਆਓ ਅਸੀ ਕੰਮ ਆਰੰਭ ਕਰਨ ਵਾਲੇ ਹੀ ਹਾਂ ।"

ਨਿਖਲੀਊਧਵ ਨੇ ਅਸ਼ਰ ਦੀ ਮਿਹਰਬਾਨੀ ਲਈ ਉਹਦਾ ਧੰਨਯਵਾਦ ਕੀਤਾ (ਉਹਨੂੰ ਇਹ ਸੁਝ ਰਹਿਆ ਸੀ ਕਿ

ਅਸ਼ਰ ਬੜੇ ਹੀ ਤਰਸ ਯੋਗ ਹੈ) ਤੇ ਜੂਰੀ ਦੇ ਕਮਰੇ ਵਿੱਚ ਚਲਾ ਗਇਆ । ਜਦ ਉਹ ਉਥੇ ਪੁਹਤਾ, ਜੂਰੀ ਦੇ ਮੈਂਬਰ ਆਪਣਾ ਕਮਰਾ ਛੱਡਕੇ ਅਦਾਲਤ ਵਲ ਜਾ ਰਹੇ ਸਨ ।

*ਸਰਕਾਰੀ ਵਕੀਲ, ਪੋਲੀਸ ਦਾ ਰੂਸੀ ਅਫਸਰ