ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/38

ਇਹ ਸਫ਼ਾ ਪ੍ਰਮਾਣਿਤ ਹੈ

ਜੇਲ੍ਹ ਦੇ ਦਰੋਗੇ ਨੇ ਕਾਲ ਕੋਠੜੀ ਦਾ ਦਰਵਾਜਾ ਲੋਹੇ ਦੇ ਭਾਰੇ ਜੰਦਰੇ ਨੂੰ ਖੜਕਾਉਂਦਿਆਂ ਖੋਲ੍ਹਿਆ ਤੇ ਅੰਦਰੋਂ ਬਾਹਰ ਦੇ ਛੱਤੇ ਬਰਾਮਦੇ (ਕੌਰੀਡੋਰ) ਥੀਂ ਵੀ ਵਧ ਬਦਬੂ ਦਾ ਹੁੱਲਾ ਆਇਆ, ਤੇ ਦਰੋਗੇ ਨੇ ਉੱਚੀ ਆਵਾਜ਼ ਦਿੱਤੀ "ਮਸਲੋਵਾ ਅਦਾਲਤ ਨੂੰ", ਤੇ ਦਰਵਾਜਾ ਫਿਰ ਬੰਦ ਕਰ ਦਿੱਤਾ।

ਇਸ ਜੇਲ੍ਹਖਾਨੇ ਦੇ ਅਹਾਤੇ ਵਿੱਚ ਵੀ ਸਵੇਰ ਸਾਰ ਦੀ ਚਲਦੀ ਸਮੀਰ ਨੇ ਤਾਜ਼ਾ ਜਾਨ ਪਾਣ ਵਾਲਾ ਬਸੰਤ ਦੀ ਹਵਾ ਦਾ ਝੋਕਾ ਬਾਹਰ ਦੇ ਖੁਲ੍ਹੇ ਖੇਤਾਂ ਥੀਂ ਅੰਦਰ ਲਿਆ ਸੁੱਟਿਆ ਸੀ। ਪਰ ਜੇਲ੍ਹ ਖਾਨੇ ਦੀ ਕੌਰੀਡੋਰ ਦੀ ਹਵਾ ਟਾਈਫਾਈਡ ਦੇ ਜਿਰਮਾਂ ਨਾਲ ਭਰੀ ਹੋਈ ਸੀ, ਤੇ ਨਾਲੇ ਟੱਟੀਆਂ ਦੀ ਬਦਬੂ ਤੇ ਤਰਕਾਹਣ ਅਤੇ ਕੋਲਤਾਰ ਦੀ ਬਦਬੂ ਨਾਲ ਸੜੀ ਪਈ ਸੀ, ਇਸੇ ਕਰਕੇ ਜੋ ਵੀ ਨਵਾਂ ਬੰਦਾ ਉੱਥੇ ਜਾਂਦਾ ਸੀ ਆਪ ਮੁਹਾਰਾ ਉਦਾਸ ਹੋ ਜਾਂਦਾ ਸੀ ਤੇ ਉਹਦਾ ਰੂਹ ਨਿੰਮਝੂਣਾ ਹੋ ਜਾਂਦਾ ਸੀ। ਉੱਥੇ ਦੀ ਤੀਮੀ ਵਾਰਡ ਕੁਲੀ ਨੇ ਵੀ ਇਹ ਬਦਬੂ ਅਸਹ ਜਾਤੀ ਭਾਵੇਂ ਉਹ ਏਹੋ ਜੇਹੀ ਗੰਦੀ ਹਵਾ ਦੀ ਕੀੜੀ ਹੀ ਸੀ। ਉਹ ਓਸੇ ਵੇਲੇ ਹੀ ਬਾਹਰੋਂ ਆਈ ਸੀ ਤੇ ਅੰਦਰ ਆਉਂਦਿਆਂ ਹੀ ਉਹਨੂੰ ਚੱਕਰ ਜੇਹਾ ਆਇਆ ਤੇ ਗਸ਼ ਜੇਹੀ ਆਉਂਦੀ ਪ੍ਰਤੀਤ ਹੋਈ।

ਕਾਲ ਕੋਠੜੀ ਦੇ ਅੰਦਰੋਂ ਜਨਾਨੀਆਂ ਦੀ ਗੱਲ ਬਾਤ ਦੇ ਰੌਲੇ ਤੇ ਭੀੜ ਭੜੱਕੇ ਦੀ ਆਵਾਜ਼ ਆਈ ਜਿਸ ਵਿੱਚ ਫਰਸ਼ ਉੱਪਰ ਨੰਗੇ ਪੈਰਾਂ ਦੇ ਚੱਲਣ ਦੀ ਆੱਹਟ ਮਿਲ ਰਹੀ ਸੀ।

"ਹੁਣ ਫਿਰ ਜਲਦੀ ਕਰੋ!" ਜੇਲਰ ਨੇ ਲਲਕਾਰ ਦਿੱਤੀ,