ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/378

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਕਥਾ ਕਿਸ ਤਰਾਂ ਖਤਮ ਹੋਈ ਸੀ । ਇਹ ਮੋਲੋਦੈਨਕੋਵ ਇਕ ਦਿਨ ਖੂਬ ਪੀਕੇ ਨਸ਼ੇ ਵਿੱਚ ਹੋ ਗਇਆ ਸੀ ਤੇ ਏਵੇਂ ਹਾਸੇ ਖੇਡੇ ਵਿੱਚ ਹੀ ਉਸ ਨੇ ਗੰਧਕ ਦਾ ਤੇਜਾਬ ਉਹਦੇ ਜਿਸਮ ਦੇ ਕਿਸੀ ਨਰਮ ਥਾਂ ਤੇ ਲਾ ਦਿੱਤਾ ਸੀ, ਜਿਸ ਦਰਦ ਨਾਲ ਓਹ ਪਿੱਟ ਉੱਠੀ ਸੀ । ਓਹਨੂੰ ਦਰਦ ਹੋ ਰਹਿਆ ਸੀ ਤੇ ਓਹ ਉਹਦਾ ਪਿਆਰਾ ਤੇ ਉਹਦੇ ਸਾਥੀ ਕਹਕੇ ਮਾਰ ਕੇ ਹੱਸਦੇ ਸਨ । ਇਹ ਗੱਲ ਯਾਦ ਕਰਕੇ ਓਸ ਫਿਰ ਆਪਣੇ ਆਪ ਉੱਪਰ ਤਰਸ ਖਾਧਾ, ਤੇ ਇਹ ਸਮਝ ਕੇ ਕੋਈ ਨਹੀਂ ਸੁਣ ਰਹਿਆ, ਓਹ ਬੱਚਿਆਂ ਵਾਂਗ ਰੋਣ ਲੱਗ ਪਈ । ਨੱਕ ਰਾਹੀਂ ਡੁਸਕੇ ਭਰਦੀ ਤੇ ਨਮਕੀਨ ਅੱਥਰੂਆਂ ਦੇ ਘੱਟ ਭਰਦੀ ਜਾਂਦੀ ਸੀ ।

"ਮੈਨੂੰ ਓਸ ਉੱਪਰ ਤਰਸ ਆ ਰਹਿਆ ਹੈ," ਮਸਲੋਵਾ ਨੇ ਕਹਿਆ ।

"ਇਹ ਤਾਂ ਠੀਕ ਹੈ ਆਦਮੀ ਨੂੰ ਇਹੋ ਜੇਹੀਆਂ ਉੱਪਰ ਤਰਸ ਦਰਦ ਤਾਂ ਆਉਂਦਾ ਹੀ ਹੈ," ਕੋਰਬਾਲੈਵਾ ਨੇ ਕਹਿਆ; "ਪਰ ਓਹਨੂੰ ਕਿਸੀ ਨੂੰ ਆ ਕੇ ਤੰਗ ਨਹੀਂ ਕਰਨਾ ਚਾਹੀਦਾ ।"

੩੪੪