ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/361

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਬ ਕਿਸਮਤ ਦੇ ਕੜਛੇ ਨੇ," ਉਸ ਰੇਲ ਦੇ ਚੌਕੀਦਾਰ ਦੀ ਵਹੁਟੀ ਨੇ ਇਉਂ ਆਪਣਾ ਰਾਗ ਛੋਹ ਦਿੱਤਾ, "ਤੇ ਜਰਾ ਵੇਖੋ ਅਸਲਾਂ ਹੋਇਆ ਕੀ ? ਸਾਰਿਆਂ ਦੇ ਕਿਆਸ ਗਲਤ ਨਿਕਲੇ, ਰੱਬ ਦੀ ਮਰਜ਼ੀ ਹੋਰ ਸੀ, ਹਾਏ ਓ ਕੁੜੀਏ !" ਓਹ ਆਪਣੀ ਖੁਸ਼ ਸੁਰ ਵਿੱਚ ਕਹੀ ਚਲੀ ਗਈ ।

"ਹੈਂ ! ਕੀ ਇਹ ਮੁਮਕਿਨ ਹੈ ? ਉਨਾਂ ਨੇ ਤੈਨੂੰ ਸਜ਼ਾ ਹੀ ਦੇ ਦਿੱਤੀ ਹੈ ?"

ਥੀਓਡੋਸੀਆ ਨੇ ਪੁਛਿਆ, ਤੇ ਇਕ ਦਰਦ ਭਰੇ ਫਿਕਰ ਨਾਲ ਉਹ ਬੋਲੀ ਤੇ ਆਪਣੀਆਂ ਨੀਮ ਨੀਲੀਆਂ ਤੇ ਬੱਚਿਆਂ ਵਾਲੀਆਂ ਅਯਾਣੀਆਂ ਅੱਖਾਂ ਨਾਲ ਮਸਲੋਵਾ ਨੂੰ ਵੇਖਣ ਲੱਗ ਗਈ, ਉਹਦਾ ਚਮਕਦਾ ਮੂੰਹ ਪੀਲਾ ਪੈ ਗਇਆ ਤੇ ਰੋਣਹਾਕਲੀ ਹੋ ਗਈ ।

ਮਸਲੋਵਾ ਨੇ ਉੱਤਰ ਕੋਈ ਨਾ ਦਿੱਤਾ ਪਰ ਆਪਣੀ ਥਾਂ ਤੇ ਚਲੀ ਗਈ, ਸਿਰੇ ਥੀਂ ਦੂਜੇ ਤਖਤੇ ਦੇ ਬਿਸਤਰੇ ਉੱਪਰ ਕੋਰਾਬਲੈਵਾ ਪਾਸ ਬਹਿ ਗਈ ।

ਥੀਓਡੋਸੀਆ ਵੀ ਉਹਦੇ ਲਾਗੇ ਆ ਕੇ ਪੁੱਛਣ ਲੱਗੀ, "ਤੂੰ ਕੁਛ ਖਾਧਾ ਵੀ ਹੈ ਕਿ ਨਹੀਂ ?"

ਮਸਲੋਵਾ ਨੇ ਕੁਛ ਉੱਤਰ ਨ ਦਿੱਤਾ, ਪਰ ਆਪਣੇ ਬਿਸਤਰੇ ਉੱਪਰ ਬਹਿ ਕੇ ਰੋਟੀ ਦੇ ਰੋਲ ਰੱਖ ਕੇ ਆਪਣਾ ਮਿੱਟੀਆਲੇ ਰੰਗ ਦਾ ਵੱਡਾ ਕੋਟ, ਲਾਹਿਆ, ਤੇ ਆਪਣਾ ਕੁੰਡਲਾਂ ਵਾਲੇ ਕੇਸਾਂ ਥੀ ਰੋਮਾਲ ਵੀ ਲਾਹ ਧਰਿਆ । ਓਹ

੩੨੭