ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/341

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਖਿੜਕੀ ਦੇ ਤਾਕ ਖੋਲ੍ਹੇ । ਇਹ ਖਿੜਕੀ ਬਾਗ ਵਲ ਖੁਲ੍ਹਦੀ ਸੀ, ਚਾਨਣੀ ਰਾਤ ਸੀ, ਚੁਪ ਚਾਂ, ਨਵੀਂ ਰਾਤ, ਕੋਈ ਚੀਜ਼ ਕੰਨ ਪਾਸੋਂ ਕਰੀਚ ਜੇਹੀ ਕਰਦੀ ਲੰਘ ਜਾਣ ਦੇ ਸਿਵਾ ਸਭ ਖਾਮੋਸ਼ੀ ਸੀ । ਇਕ ਉੱਚੇ ਸਫੇਦੇ ਦੇ ਬ੍ਰਿਛ ਦਾ ਸਾਇਆ ਖਿੜਕੀ ਦੇ ਸਾਹਮਣੀ ਜ਼ਮੀਨ ਤੇ ਪੈ ਰਹਿਆ ਸੀ ਤੇ ਉਸ ਖੂਬ ਬੌਕਰ ਨਾਲ ਸਾਫ ਕੀਤੀ ਸੰਵਾਰੀ ਸੁਥਰੀ ਬੱਜਰੀ ਉੱਪਰ ਉਹਦੀਆਂ ਨੰਗੀਆਂ ਸ਼ਾਖਾਂ ਦਾ ਪੇਚ ਦਰ ਪੇਚ ਨਕਸ਼ਾ ਉਕਰਿਆ ਪਇਆ ਸੀ । ਖੱਬੇ ਪਾਸੇ ਇਕ ਬੱਘੀ ਖਾਨੇ ਉੱਪਰ ਚਾਨਣੀ ਚਮਕ ਰਹੀ ਸੀ ਤੇ ਸਾਹਮਣੇ ਬਾਗ ਦੀ ਦੀਵਾਰ ਦਾ ਕਾਲਾ ਪਰਛਾਵਾਂ ਦਰਖਤਾਂ ਦੀਆਂ ਆਪੇ ਵਿੱਚ ਅੜੀਆਂ ਪੇਚ ਪਈਆਂ ਟਹਿਣੀਆਂ ਵਿੱਚ ਦੀ ਦਿੱਸ ਰਹਿਆ ਸੀ । ਨਿਖਲੀਊਧਵ ਨੇ ਪਹਿਲਾਂ ਛੱਤ ਵਲ ਤੱਕਿਆ, ਫਿਰ ਚਾਨਣੀ ਨਾਲ ਭਰੇ ਚਮਕਦੇ ਬਾਗ ਵਲ; ਤੇ ਸਫੈਦੇ ਦੀ ਛਾਇਆ ਵਲ; ਤੇ ਉਸ ਤਾਜ਼ਾ ਰੂਹ ਫੂਕਣ ਵਾਲੀ ਹਵਾ ਦਾ ਘੁੱਟ ਭਰਿਆ ।

"ਆਹ ! ਆਹ ਕਿਹਾ ਅਨੰਦ ਹੈ ਆਰਾਮ ਹੈ, ਓ ਰੱਬਾ ਕਹੀਆਂ ਖੁਸ਼ੀਆਂ ਹਨ !" ਉਸ ਕਹਿਆ । ਉਹਦਾ ਮਤਲਬ ਸੀ ਉਹ ਸੋਹਣੀ ਸੂਰਤ ਦੀ ਅਵਸਥਾ ਜਿਹੜੀ ਉਹਦੇ ਅੰਦਰ ਉਸ ਵੇਲੇ ਵਾਪਰ ਰਹੀ ਸੀ ।

੩੦੭