ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/340

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਸਾਰੀ ਕਚੈਹਤੀ ਤੇ ਘ੍ਰਿਣਤ ਜ਼ਿੰਦਗੀ ਥੀਂ ਬਚਾ, ਮੈਨੂੰ ਪਾਰ ਕਰ ।"

ਉਸ ਇਉਂ ਰੱਬ ਅੱਗੇ ਅਰਦਾਸ ਕੀਤੀ । ਰੱਬ ਨੂੰ ਆਪਣੀ ਮਦਦ ਲਈ ਬੁਲਾਇਆ ਕਿ ਉਹ ਉਹਦੇ ਅੰਦਰ ਆ ਵੱਸੇ ਤੇ ਉਹਨੂੰ ਪਾਵਨ ਕਰੇ । ਪਰ ਜਿਸ ਗੱਲ ਲਈ ਉਹ ਅਰਦਾਸ ਕਰ ਰਹਿਆ ਸੀ ਉਹ ਅੱਗੇ ਹੀ ਹੋ ਚੁਕੀ ਸੀ । ਰਬ ਨੇ ਹੀ ਅੰਦਰ ਆਕੇ ਉਹਨੂੰ ਟੁੰਬਿਆ ਸੀ ਤੇ ਉਹਦੀ ਸੁਰਤ ਨੂੰ ਜਗਾ ਦਿੱਤਾ ਸੀ । ਇਸ ਵੇਲੇ ਉਹ ਆਪਣੇ ਆਪ ਤੇ ਰੱਬ ਨੂੰ ਇਕ ਪ੍ਰਤੀਤ ਕਰ ਰਹਿਆ ਸੀ, ਤੇ ਇਸ ਕਰਕੇ ਨ ਸਿਰਫ ਉਸ ਰੱਬੀ ਖੁੱਲ੍ਹ ਪੂਰਣਤਾ ਤੇ ਜ਼ਿੰਦਗੀ ਦੀ ਰੌ ਦੇ ਅਨੰਦ ਨੂੰ ਅਨੁਭਵ ਕਰ ਰਹਿਆ ਸੀ ਬਲਕਿ ਧਰਮ ਦੀ ਕੁਲ ਦੈਵੀ ਤਾਕਤ ਉਹ ਆਪਣੇ ਅੰਦਰ ਮਹਿਸੂਸ ਕਰ ਰਹਿਆ ਸੀ । ਸਭ ਕੁਛ ਚੰਗੇ ਥਾਂ ਚੰਗਾ, ਸਭ ਕੁਛ ਜੋ ਕੋਈ ਵੀ ਬੰਦਾ ਕਰ ਸੱਕਦਾ ਹੈ ਉਹ ਪ੍ਰਤੀਤ ਕਰ ਰਹਿਆ ਸੀ ਉਹ ਵੀ ਕਰ ਸੱਕਦਾ ਹੈ । ਉਹਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਸਨ, ਜਦ ਉਹ ਇਹ ਗੱਲਾਂ ਆਪੇ ਨਾਲ ਕਰ ਰਹਿਆ ਸੀ। ਦੋਵੇਂ ਅੱਥਰੂ-ਚੰਗੇ ਵੀ ਤੇ ਬੁਰੇ ਵੀ, ਚੰਗੇ ਉਹ ਜਿਹੜੇ ਉਹਦੇ ਅੰਦਰ ਆਏ ਰੱਬ ਦੀ ਬਖਸ਼ੀ ਰੂਹਾਨੀ ਜ਼ਿੰਦਗੀ ਦੀ ਜਾਗ ਦੇ ਖੁਸ਼ੀ ਦੇ ਸਨ, ਉਹ ਜ਼ਿੰਦਗੀ ਜਿਹੜੀ ਅੱਜ ਤਿੰਨ ਸਾਲ ਸੁੱਤੀ ਹੋਈ ਅੱਜ ਜਾਗੀ ਸੀ, ਤੇ ਬੁਰੇ ਅੱਥਰੂ ਉਹ ਜਿਹੜੇ ਉਹਨੂੰ ਇਸ ਕਰਕੇ ਆਏ ਸਨ ਕਿ ਆਹੋ ਉਹ ਆਪ ਕਿੰਨਾ ਅੱਛਾ ਹੈ ਜੇ ਮੁੜ ਉਹਨੂੰ ਇਹ ਜਾਗ ਆਈ ਹੈ ਸੀ, ਇਹ ਆਪਣੇ ਆਪ ਨਾਲ ਇਕ ਅਜੀਬ ਲਾਡ ਮੋਹ ਕਰਨ ਦੇ ਅੱਥਰੂ ਸਨ ।

ਉਹਨੂੰ ਗਰਮੀ ਲੱਗੀ ਤੇ ਉੱਠ ਕੇ ਖਿੜਕੀ ਵੱਲ ਗਇਆ

੩੦੬