ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/333

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਚਿਆਈਆਂ ਨੂੰ ਅੱਪੜਨ ਦੀਆਂ ਉਮੰਗਾਂ ਦੇ ਨਜ਼ਾਰੇ ਉਹਦੇ ਸਾਹਮਣੇ ਸਨ, ਤੇ ਹੁਣ ਇਉਂ ਪ੍ਰਤੀਤ ਹੁੰਦਾ ਸੀ ਕਿ ਓਹੋ ਇਕ ਭੈੜੀ, ਚੰਦਰੀ, ਨਿਕੰਮੀ, ਖਾਲਮੁਖਾਲੀ ਖੋਖਲੀ, ਅੰਦਰੋਂ ਕਾਲੀ, ਤੇ ਲਚਰ ਜੇਹੀ ਜ਼ਿੰਦਗੀ ਦੇ ਜਾਲਾਂ ਵਿੱਚ ਫਸੀ ਪਈ ਹੈ, ਤੇ ਜਿਨਾਂ ਫਾਹੀਆਂ ਵਿੱਚੋਂ ਖਲਾਸੀ ਪਾਣ ਦਾ ਅੱਵਲ ਤਾਂ ਰਾਹ ਹੀ ਕੋਈ ਨਹੀਂ ਸੀ ਜੇ ਓਥੋਂ ਉਹ ਨਿਕਲਣਾ ਚਾਹੇ । ਪਰ ਹੁਣ ਤਾਂ ਉਹਨੂੰ ਨਿਕਲਣ ਦੀ ਚਾਹ ਨਹੀਂ ਸੀ ਉੱਠਦੀ । ਉਹਨੂੰ ਯਾਦ ਆਈ ਕਿ ਸਮੇਂ ਸਨ ਜਦ ਉਹ ਆਪਣੀ ਖੁਲਮਖੁੱਲੀ ਗਲ ਵਾਹ ਦੇਣ ਦਾ ਬੜਾ ਮਾਨੀ ਸੀ ਤੇ ਉਸ ਦਾ ਨੇਮ ਸੀ ਕਿ ਕਦੀ ਕੂੜ ਨਹੀਂ ਬੋਲਣਾ ਤੇ ਸਚ ਹੀ ਸਚ ਵਾਹ ਮਾਰਦਾ ਸੀ, ਤੇ ਹੁਣ ਉਹ ਕਿਸ ਤਰਾਂ ਕੂੜਾਂ ਪਤੂੜਾਂ ਦੇ ਚਿੱਕੜ ਵਿਚ ਡੂੰਘਾ ਫਸਿਆ ਪਇਆ ਹੈ ਤੇ ਹਿਠਾਹਾਂ ੨ ਚਲਿਆ ਜਾਂਦਾ ਹੈ ਤੇ ਮਾੜੇ ਮੋਟੇ ਕੁ ਪਤੂੜਾਂ ਵਿੱਚ ਨਹੀਂ, ਹੌਲਨਾਕ ਦਿਲ ਨੂੰ ਦਹਿਲ ਦੇਣ ਵਾਲੇ ਲੂਠਾਂ ਜੂਠਾਂ ਵਿੱਚ———ਉਹ ਕੂੜ ਜਿਨ੍ਹਾਂ ਨੂੰ ਆਲੇ ਦੁਆਲੇ ਦੇ ਸਭ ਆਦਮੀ ਸਚ ਕਰ ਜਾਣ ਰਹੇ ਸਨ ਤੇ ਜਿਥੋਂ ਤਕ ਉਹ ਦੇਖ ਸਕਦਾ ਸੀ ਉਹਨੂੰ ਇੰਨੇ ਕੂੜਾਂ ਥੀਂ ਬਾਹਰ ਨਿਕਲਣ ਦਾ ਰਾਹ ਨਹੀਂ ਸੀ ਲੱਭ ਰਹਿਆ । ਉਹ ਘੋਰ ਅੰਧਕਾਰ ਤੇ ਚਿੱਕੜ ਵਿੱਚ ਫਸਿਆ ਪਿਆ ਸੀ, ਹੁਣ ਓਹਨੂੰ ਇਹਦਾ ਭੁੱਸ ਵੀ ਪੈ ਚੁਕਾ ਸੀ ਤੇ ਓਹ ਚਿੱਕੜ ਗੰਦ ਮੰਦ ਨਾਲ ਲਿਬੜਿਆ ਚਲੇ ਰਹਿਆ ਸੀ । ਮੇਰੀ ਵੈਸੀਲਿਵਨਾ ਨਾਲ ਓਹ ਆਪਣੇ ਗੰਦੇ ਤਅੱਲਕ ਤੇ ਓਹਦੇ ਖਾਵੰਦ ਨਾਲ ਕੂੜੇ ਪਾਜ ਤੇ ਰਿਸ਼ਤੇ ਕਿਸ ਤਰਾਂ ਕੁਛ ਐਸੇ ਤਰੀਕੇ ਨਾਲ ਤੋੜੇ ਜੋ ਮੁੜ ਉਸ ਵਲ ਤੇ ਓਹਦਿਆਂ ਬੱਚਿਆਂ ਵਲ ਸਿੱਧੀ ਅੱਖ ਤਕ ਵੀ ਸਕੇ ?

੨੯੯