ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/326

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੮.

"ਹਾਏ ਹਾਏ ! ਕਿੱਡੀ ਸ਼ਰਮਨਾਕ ਗੱਲ, ਕਿੱਡੀ ਸ਼ਰਮਨਾਕ, ਕੇਹੀ ਭੈੜੀ, ਕੇਹੀ ਡਰਾਉਣੀ, ਕੇਹੀ ਸ਼ਰਮਨਾਕ !" ਨਿਖਲੀਊਧਵ ਇਹੋ ਜੇਹੇ ਲਫਜ਼ ਆਪੇ ਨੂੰ ਕਹਿੰਦਾ, ਓਹਨਾਂ ਖੂਬ ਪਛਾਤੀਆਂ ਗਲੀਆਂ ਵਿੱਚ ਦੀ ਲੰਘਦਾ ਘਰ ਨੂੰ ਤੁਰੀ ਗਇਆ । ਉਹ ਦਿਲ ਉਤੇ ਦਬਾ ਜਿਹੜਾ ਮਿੱਸੀ ਨਾਲ ਗੱਲਾਂ ਕਰਦਿਆਂ ਪਇਆ ਸੀ ਉਹ ਉੱਠਦਾ ਨਹੀਂ ਸੀ। ਜੇ ਬਾਹਰ ਦੀਆਂ ਗਲਾਂ ਵਲ ਜਾਈਏ ਤਦ ਇਹ ਠੀਕ ਸੀ, ਕਿਉਂਕਿ ਹਾਲੇ ਤਕ ਕੋਈ ਵੀ ਖਾਸ ਗੱਲ ਐਸੀ ਉਸ ਨੇ ਉਸ ਨੂੰ ਨਹੀਂ ਸੀ ਆਖੀ ਜਿਸ ਕਰਕੇ ਓਹ ਉਸ ਨਾਲ ਬੱਝ ਗਇਆ ਹੋਵੇ। ਕਦੀ ਉਹਨੂੰ ਉਸ ਨੇ ਵਿਆਹ ਲਈ ਨਹੀਂ ਕਹਿਆ ਸੀ । ਪਰ ਜੇ ਅੰਦਰ ਵਾਰ ਗਲਵਾਣ ਵਿੱਚ ਉਹ ਮੂੰਹ ਪਾ ਕੇ ਤੱਕੇ ਤਦ ਉਹਨੂੰ ਪਤਾ ਸੀ ਕਿ ਉਹ ਆਪਣੇ ਆਪ ਨੂੰ ਉਸ ਨਾਲ ਬਝਵਾ ਚੁਕਾ ਸੀ ਤੇ ਉਹਦਾ ਹੋਣ ਦਾ ਕੌਲ ਇਕਰਾਰ ਕਰ ਚੁੱਕਾ ਸੀ, ਤੇ ਇਸ ਗੱਲ ਨੂੰ ਚੰਗੀ ਤਰਾਂ ਜਾਣਦਿਆਂ ਵੀ ਅੱਜ ਉਸ ਪੱਕ ਪ੍ਰਤੀਤ ਕਰ ਲਇਆ ਸੀ ਕਿ ਉਹ ਕਿਸੀ ਸੂਰਤ ਵੀ ਉਸ ਨਾਲ ਵਿਆਹ ਨਹੀਂ ਕਰ ਸੱਕਦਾ ।

"ਹਾਏ ਹਾਏ, ਕਿੰਨੀ ਸ਼ਰਮਨਾਕ ਗੱਲ ਏ ! ਕਿੰਨੀ ਸ਼ਰਮਨਾਕ, ਕੇਹੀ ਭੈੜੀ ਡਰਾਉਣੀ ਤੇ ਸ਼ਰਮਨਾਕ !"