ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/325

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਉਹਦਾ ਮੂੰਹ ਬਿਲਕੁਲ ਹੋਰ ਸੀ , ਜਿਸ ਮੂੰਹ ਨਾਲ ਓਹਨੂੰ ਮਿਲੀ ਓਹ ਹੋਰ ਸੀ । ਕੈਥਰੀਨ ਅਲੈਗਜ਼ੀਵਨਾ ਨਾਲ ਵੀ ਓਹ ਇੰਨਾ ਅਸਭਯ ਜੇਹਾ ਮਖੌਲ ਨਹੀਂ ਸੀ ਕਰਨਾ ਚਾਹੁੰਦੀ ਤੇ ਸਿਰਫ ਓਸ ਇਹ ਆਖਿਆ, "ਅਸਾਂ ਸਾਰਿਆਂ ਉੱਪਰ ਕੋਈ ਦਿਨ ਚੰਗੇ ਕੋਈ ਮੰਦੇ ਆਉਂਦੇ ਹਨ ।"

"ਕੀ ਇਹ ਮੁਮਕਿਨ ਹੈ ਕਿ ਇਹ ਵੀ ਮੈਨੂੰ ਧੋਖਾ ਈ ਦੇਵੇਗਾ ?" ਓਸ ਸੋਚਿਆ, "ਜੋ ਕੁਛ ਅਸਾਂ ਦੋਹਾਂ ਦੇ ਆਪੇ ਵਿੱਚ ਵਰਤ ਚੁਕਿਆ ਹੈ, ਓਸ ਥੀਂ ਬਾਹਦ ਜੇ ਓਹ ਐਸਾ ਕਰੇ ਤਦ ਓਹ ਕੇਹਾ ਭੈੜਾ ਆਦਮੀ ਹੋਵੇਗਾ।"

ਜੇ ਮਿੱਸੀ ਕੋਲੋਂ ਕੋਈ ਪੁੱਛ ਬਹਿੰਦਾ ਕਿ ਉਹਦੇ ਇਨ੍ਹਾਂ ਲਫਜ਼ਾਂ ਦੇ ਕੀ ਅਰਥ ਸਨ, "ਜੋ ਕੁਛ ਅਸਾਂ ਦੋਹਾਂ ਦੇ ਆਪੇ ਵਿਚ ਵਰਤ ਚੁਕਿਆ ਹੈ," ਤਦ ਉਹ ਕੋਈ ਖਾਸ ਗੱਲ ਨਹੀਂ ਦੱਸ ਸੱਕਦੀ ਸੀ । ਪਰ ਤਦ ਵੀ ਓਹ ਜਾਣਦੀ ਸੀ ਕਿ ਉਹਨੇ ਨ ਸਿਰਫ ਉਹਦੀਆਂ ਆਸਾਂ ਬਣਾਈਆਂ ਸਨ ਬਲਕਿ ਉਸ ਪੱਕਾ ਕੌਲ ਵੀ ਦਿੱਤਾ ਹੋਇਆ ਸੀ । ਕਿਤੇ ਖਾਸ ਲਫਜ਼ਾਂ ਵਿੱਚ ਤਾਂ ਇਹ ਕੌਲ ਇਕਰਾਰ ਨਹੀਂ ਹੋਏ ਸਨ,ਪਰ ਨਿਗਾਹ ਨਦਰਾਂ,ਤੇ ਮੁਸਕਰਾਹਟਾਂ ਤੇ ਇਸ਼ਾਰੇ ਕਿਨਾਰੇ ਹੋਏ ਸਨ । ਪਰ ਇਹ ਗੱਲਾਂ ਸੋਚਦਿਆਂ ਵੀ ਓਹ ਓਹਨੂੰ ਆਪਣਾ ਜਾਣ ਰਹੀ ਸੀ ਤੇ ਉਸਨੂੰ ਆਪ ਹਥੋਂ ਗਵਾ ਲੈਣਾ ਉਸ ਲਈ ਔਖਾ ਸੀ ।

੨੯੧