ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/301

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਮੇਜ਼ ਦੇ ਚਾਰੇ ਪਾਸੇ ਹੱਥ ਮਿਲਾਂਦਾ ਘੁੰਮਿਆਂ, ਸਵਾਏ ਬੁੱਢੇ ਕੋਰਚਾਗਿਨ ਤੇ ਸਵਾਣੀਆਂ ਦੇ ਸਭ ਨੇ ਉੱਠ ਕੇ ਹੱਥ ਮਿਲਾਇਆ, ਤੇ ਇਉਂ ਉਹਦਾ ਮੇਜ਼ ਦੇ ਦਵਾਲੇ ਫਿਰਨਾ ਤੇ ਲੋਕਾਂ ਦੇ ਹੱਥਾਂ ਨਾਲ ਹੱਥ ਮਿਲਾਣਾ ਜਿਨ੍ਹਾਂ ਵਿੱਚੋਂ ਕਈਆਂ ਨਾਲ ਉਸ ਅੱਜ ਤਕ ਗਲ ਵੀ ਨਹੀਂ ਸੀ ਕੀਤੀ, ਕੁਛ ਨਾਗਵਾਰ ਤੇ ਕੁਥਾਵਾਂ ਜੇਹਾ ਕੰਮ ਦਿੱਸਿਆ। ਉਸ ਨੇ ਦੇਰੀ ਨਾਲ ਆਉਣ ਦੀ ਮਾਫੀ ਮੰਗੀ, ਤੇ ਮਿੱਸੀ ਤੇ ਕੈਥਰੀਨ ਅਲੈਗਜ਼ੀਵਨਾ ਦੇ ਵਿਚਾਲੇ ਬਹਿਣ ਲੱਗਾ ਹੀ ਸੀ ਕਿ ਬੁੱਢੇ ਕੋਰਚਾਗਿਨ ਨੇ ਜ਼ਿਦ ਕੀਤੀ ਕਿ ਉੱਠ ਕੇ ਜੇ ਓਸ ਵੋਧਕਾ ਸ਼ਰਾਬ ਦਾ ਗਲਾਸ ਨਹੀਂ ਵੀ ਪੀਣਾ ਤਾਂ ਵੀ ਉੱਥੇ ਪਰੇ ਪਈਆਂ ਚੀਜ਼ਾਂ ਵਿਚੋਂ ਜਰਾ ਇਕ ਕੋਈ ਨੁਕਲ ਕਰਕੇ ਆਪਣੀ ਭੁੱਖ ਨੂੰ ਜਗਾ ਲਵੇ। ਤੇ ਉਸ ਲਾਂਭੇ ਦੇ ਮੇਜ਼ ਉੱਪਰ ਛੋਟੀਆਂ ਰਕੇਬੀਆਂ ਧਰੀਆਂ ਹੋਈਆਂ ਸਨ ਕਿਸੀ ਵਿੱਚ ਲੌਬਸਟਰ ਮੱਛੀ, ਕਿਸੀ ਵਿੱਚ ਨਿਮਕ ਪਈਆਂ ਅਚਾਰੀ ਹੈਰਿੰਗ ਮੱਛੀਆਂ ਕਿਸੀ ਵਿੱਚ ਪਨੀਰ ਆਦਿ। ਨਿਖਲੀਉਧਵ ਨੇ ਜਦ ਉਹਦੀ ਇਹ ਗੱਲ ਮੰਨ ਕੇ ਕੁਛ ਪਨੀਰ ਤੇ ਰੋਟੀ ਦਾ ਟੁਕੜਾ ਨੁਕਲ ਕੀਤਾ ਤਦ ਉਸ ਨੂੰ ਪਤਾ ਲੱਗਾ ਕਿ ਦਰ ਹਕੀਕਤ ਉਹ ਕਿੰਨਾ ਭੁੱਖਾ ਸੀ ਤੇ ਫਿਰ ਉਹ ਰੋਟੀ ਬੜੇ ਹੀ ਸਵਾਦ ਨਾਲ ਖਾਣ ਲੱਗ ਪਇਆ ।

"ਕਿਉਂ ਭਾਈ! ਅੱਜ ਆਪ ਸੁਸੈਟੀ ਦੀ ਜੜਾਂ ਨੂੰ ਤੇਲ

੨੬੭