ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/299

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਰ ਵਿੱਚ ਠਹਿਰਿਆ ਹੋਇਆ ਸੀ । ਉਹਦੇ ਨਾਲ ਇਕ ਯੂਨੀਵਰਸਟੀ ਦਾ ਲੜਕਾ ਜਿਹੜਾ ਉਹਨੂੰ ਘਰ ਆਣ ਕੇ ਪੜ੍ਹਾਉਂਦਾ ਹੁੰਦਾ ਸੀ, ਤੇ ਮਿੱਸੀ ਦੇ ਚਾਚੇ ਦਾ ਪੁੱਤਰ ਸੀ ਮਾਈਕਲ ਸੈਰਗੇਵਿਚ ਤਿਲੇਗਿਨ ਤੇ ਆਮ ਤੌਰ ਤੇ ਜਿਹਨੂੰ ਨਿੱਕਾ ਨਾਂ ਮਿਸ਼ਾ ਕਰਕੇ ਬੁਲਾਉਂਦੇ ਸਨ । ਉਹਦੇ ਸਾਹਮਣੇ ਕੈਥੀਰੀਨ ਅਲੈਗਜ਼ੀਵਨਾ ਇਕ ੪੦ ਸਾਲ ਦੀ ਕੰਵਾਰੀ ਕੁੜੀ, ਸਲੈਵ ਕੌਮ ਦੀ ਇਕ ਤੀਮੀ, ਤੇ ਮੇਜ਼ ਦੇ ਪੈਰਾਂ ਵਲ ਸੀ ਬੈਠੀ ਮਿੱਸੀ ਆਪ ਤੇ ਉਹਦੇ ਨਾਲ ਪਈ ਸੀ ਖਾਲੀ ਥਾਂ ।

"ਆਹ ! ਆਹ ! ਠੀਕ ! ਠੀਕ ! ਆਓ ਬਹਿ ਜਾਓ । ਅਸੀਂ ਹਾਲੇ ਮੱਛੀ ਹੀ ਖਾਣ ਲੱਗੇ ਹਾਂ," ਬੁੱਢੇ ਕੋਰਚਾਗਿਨ ਨੇ ਮੁਸ਼ਕਲ ਨਾਲ ਉਚਾਰਿਆ, ਕਿਉਂਕਿ ਮੂੰਹ ਵਿੱਚ ਗਰਾਹੀ ਤੇ ਫਿਰ ਬਨਾਵਟੀ ਦੰਦ, ਤੇ ਉਨ੍ਹਾਂ ਨਾਲ ਵਿਚਾਰਾ ਮੁਸ਼ਕਲ ਨਾਲ ਗ੍ਰਾਹੀ ਨੂੰ ਚਿੱਥ ਰਹਿਆ ਸੀ, ਤੇ ਆਪਣੀਆਂ ਲਾਲ ਡੋਰੀਆਂ ਵਾਲੀਆਂ ਅੱਖਾਂ ਉੱਪਰ ਕਰਕੇ (ਜਿਨ੍ਹਾਂ ਅੱਖਾਂ ਉੱਪਰ ਕੋਈ ਨਜਰ ਆਉਂਦੇ ਛੱਪਰ ਨਹੀਂ ਸਨ) ਨਿਖਲੀਊਧਵ ਨੂੰ ਵੇਖਣ ਲੱਗ ਪਇਆ ।

"ਸਟੀਫਨ" ਉਸ ਆਪਣਾ ਮੂੰਹ ਗਰਾਹੀ ਨਾਲ ਭਰਿਆ ਹੋਇਆ, ਅੱਖਾਂ ਵੇਹਲੀ ਥਾਂ ਵਲ ਕਰਕੇ ਆਪਣੇ ਮੋਟੇ ਤੇ ਪੂਰੇ ਚੌਧਰੀ ਬਣੇ ਬਟਲਰ ਨੂੰ ਮੁਖਾਤਿਬ ਹੋ ਕੇ ਕਹਿਆ ।

੨੬੫