ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/295

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਉਸ ਥੀਂ ਛੁੱਟੀ ਲੈ ਬਾਹਰ ਚਲਾ ਗਇਆ ।
ਵਕੀਲ ਨਾਲ ਗੱਲਾਂ ਕਰਨ ਨੇ, ਤੇ ਇਸ ਗੱਲ ਨੇ, ਕਿ ਉਸ ਨੇ ਮਸਲੋਵਾ ਲਈ ਕੁਝ ਕੀਤਾ ਹੈ, ਓਹਨੂੰ ਹੋਰ ਵੀ ਤਸਕੀਨ ਤੇ ਤਸ਼ਫੀ ਦਿੱਤੀ । ਉਹ ਬਾਜ਼ਾਰ ਵਿੱਚ ਅੱਪੜ ਗਇਆ । ਮੌਸਮ ਸੋਹਣਾ ਸੀ, ਤੇ ਖਿੜੀ ਬਸੰਤ ਰੁੱਤ ਦੀ ਸਮੀਰ ਦਾ ਘੁੱਟ ਭਰ ਕੇ ਓਹ ਹੋਰ ਵੀ ਖ਼ੁਸ਼ ਹੋਇਆ । ਕਈ ਬੱਘੀ ਵਾਲੇ ਅੱਗੇ ਪਿੱਛੇ ਆ ਗਏ, "ਗਾੜੀ ਸਾਹਿਬ ਜੀ———ਗਾੜੀ" ਪਰ ਓਹ ਪੈਦਲ ਹੀ ਤੁਰੀ ਗਇਆ ।

ਯਕਲਖ਼ਤ ਮੁੜ ਕਾਤੂਸ਼ਾ ਦੇ ਓਸ ਪੁਰਾਣੇ ਮੂੰਹ ਦੀ ਝਾਕੀ ਹੋਰ ਨਾਲ ਦੀਆਂ ਸਾਰੀਆਂ ਗੱਲਾਂ ਯਾਦ ਆਈਆਂ ਤੇ ਉਹਦੀ ਆਪਣੀ ਉਸ ਨਾਲ ਕੀਤੀ ਕਰਤੂਤ ਦੇ ਖਿਆਲ ਓਹਦੇ ਸਿਰ ਵਿੱਚ ਚੱਕਰ ਖਾਣ ਲੱਗ ਪਏ । ਉਹਦਾ ਮਨ ਫਿਰ ਦੱਬਿਆ, ਤੇ ਸਭ ਦੁਨੀਆਂ ਉਦਾਸ ਉਦਾਸ ਵੈਰਾਨ ਜੇਹੀ ਦਿੱਸਣ ਲਗ ਪਈ——"ਨਹੀਂ ਇਹ ਗੱਲਾਂ ਫਿਰ ਸੋਚਾਂਗੇ, ਹੁਣ ਤਾਂ ਇਨ੍ਹਾਂ ਸਾਰਿਆਂ ਮਨ-ਖੁੱਭ ਅਸਰਾਂ ਨੂੰ ਪਰੇ ਸੁੱਟੀਏ," ਤਾਂ ਉਸ ਆਪਣੇ ਨਾਲ ਵਿਚਾਰ ਕੀਤੀ ।

ਕੋਰਚਾਗਿਨਾਂ ਦੋ ਰੋਟੀ ਖਾਣ ਜਾਣਾ ਯਾਦ ਆਇਆ, ਤੇ ਘੜੀ ਤੱਕੀ । ਹਾਲੇਂ ਵੀ ਉੱਥੇ ਜਾਣ ਲਈ ਬਾਹਲੀ ਦੇਰ ਨਹੀਂ ਸੀ ਹੋਈ, ਨਾਲੋਂ ਲੰਘਦੀ ਟਰੈਮਕਾਰ ਦੀ ਘੰਟੀ ਦੀ ਆਵਾਜ਼ ਆਈ, ਓਹਨੂੰ ਫੜਨ ਲਈ ਦੌੜਿਆ, ਤੇ ਫੜ

੨੬੧