ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/294

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅੱਛਾ ਜੀ," ਤੇ ਓਸ ਆਖਿਆ ।

"ਅਸਾਂ ਇਕ ਤੀਮੀ ਨੂੰ ਨਾਹੱਕ ਸਜ਼ਾ ਦਿੱਤੀ ਹੈ ਤੇ ਮੈਂ ਇਸ ਥੀਂ ਵੱਡੀ ਉਪਰਲੀ ਅਦਾਲਤ ਵਿੱਚ ਅਪੀਲ ਕਰਨਾ ਚਾਹੁੰਦਾ ਹਾਂ ।"

"ਆਪ ਦਾ ਮਤਲਬ ਸੈਨੇਟ ਵਿੱਚ ?" ਫਨਾਰਿਨ ਨੇ ਉਹਦੀ ਗਲਤੀ ਠੀਕ ਕਰਦਿਆਂ ਕਹਿਆ ।

"ਹਾਂ ਜੀ, ਮੈਂ ਚਾਹੁੰਦਾ ਹਾਂ ਕਿ ਆਪ ਇਹ ਮੁਕੱਦਮਾਂ ਆਪਣੇ ਹੱਥ ਵਿੱਚ ਲੈ ਲਵੋ," ਨਿਖਲੀਊਧਵ ਗੱਲ ਦੇ ਵੱਡੇ ਮੁਸ਼ਕਲ ਹਿੱਸੇ ਨੂੰ ਜਲਦੀ ਮੁਕਾਉਣ ਲਈ ਕਹਿਣ ਲੱਗਾ, "ਸਾਰਾ ਖਰਚ ਜੋ ਕੁਝ ਵੀ ਹੋਵੇ ਉਹ ਮੈਂ ਦਿਆਂਗਾ ।"

"ਆਹੋ ! ਓਹ ਅਸੀਂ ਸਭ ਮੁਕਾ ਲਾਂਗੇ" ਵਕੀਲ ਨੇ ਮੁਸਕਰਾ ਕੇ ਕਹਿਆ । ਨਿਖਲੀਊਧਵ ਦੇ ਇਹੋ ਜੇ ਮਾਮਲਿਆਂ ਦੀ ਨਾਵਾਕਫ਼ੀ ਉੱਪਰ ਇਕ ਵਡੇਰੇ ਆਦਮੀ ਵਾਂਗ ਉਹਨੂੰ ਮਾਫੀ ਦੇਣ ਜੇਹੀ ਦੀ ਨਜ਼ਰ ਦੇਖ ਕੇ———"ਪਰ ਮੁਕੱਦਮਾ ਕੀ ਹੈ ?" ਨਿਖਲੀਊਧਵ ਨੇ ਸਾਰੀ ਗੱਲ ਜਿੰਵੇਂ ਹੋਈ ਸੀ ਕਹਿ ਸੁਣਾਈ ।

"ਬਹੁਤ ਅੱਛਾ ! ਮੈਂ ਕਲ ਸਾਰੀ ਮਿਸਲ ਦੇਖਾਂਗਾ ਤੇ ਕੰਮ ਵਿੱਚ ਜੁੱਟ ਪਵਾਂਗਾ । ਤੁਸੀ ਪਰਸੋਂ, ਨਹੀਂ ਵੀਰਵਾਰ, ਫਿਰ ਆਵਣਾ । ਛੇ ਵਜੇ ਥੀਂ ਬਾਦ ਆ ਜਾਣਾ ਤੇ ਆਪ ਨੂੰ ਸਾਰਾ ਜਵਾਬ ਦਿਆਂਗਾ ।ਅੱਛਾ ਹੁਣ ਚਲੀਏ ! ਮੈਂ ਕੁਛ ਇਕ ਦੋ ਗੱਲਾਂ ਹਾਲੇਂ ਇੱਥੇ ਦਰਿਯਾਫ਼ਤ ਕਰਨੀਆਂ ਹਨ ।"

੨੬੦