ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/293

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਢੂੰਡ ਰਹਿਆ ਸੀ ।

"ਭਾਵੇਂ ਮੈਂ ਥੱਕਾ ਹੋਇਆ ਹਾਂ, ਤਾਂ ਵੀ ਆਪ ਦਾ ਕੰਮ ਜੇ ਬਾਹਲਾ ਲੰਮਾ ਨਹੀਂ ਤਦ ਹੁਣੇ ਹੀ ਦੱਸ ਦਿਓ ਕਿਸ ਤਰਾਂ ਦਾ ਕੰਮ ਹੈ, ਆਓ ਇੱਥੇ ਅੰਦਰ ਆ ਜਾਓ ।" ਇਹ ਕਹਿ ਕੇ ਓਹ ਨਿਖਲੀਊਧਵ ਨੂੰ ਇਕ ਕਮਰੇ ਵਲ ਲੈ ਤੁਰਿਆ, ਸ਼ਾਇਦ ਓਹ ਕਿਸੀ ਜੱਜ ਦੇ ਨਿਜ ਦੀ ਥਾਂ ਸੀ, ਓਹ ਮੇਜ਼ ਲਾਗੇ ਬਹਿ ਗਏ ।

"ਅੱਛਾ———ਆਪ ਦਾ ਕੀ ਕੰਮ ਹੈ ?"

"ਪਹਿਲਾਂ ਤਾਂ ਮੈਂ ਆਪ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮਾਮਲਾ ਗੁਪਤ ਹੈ । ਮੈਂ ਕਿਸੇ ਨੂੰ ਇਹ ਨਹੀਂ ਪ੍ਰਗਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਸ ਮਾਮਲੇ ਵਿੱਚ ਦਿਲਚਸਪੀ ਲੈ ਰਹਿਆ ਹਾਂ ।"

"ਆਹੋ ਜੀ———ਇਓਂ ਹੀ ਹੋਵੇਗਾ, ਚੰਗਾ ।"

"ਮੈਂ ਅੱਜ ਜੂਰੀ ਤੇ ਸਾਂ ਤੇ ਅਸਾਂ ਇਕ ਤੀਮੀਂ ਨੂੰ ਸਾਈਬੇਰੀਆ ਦੀ ਸਜ਼ਾ ਦੇ ਦਿੱਤੀ ਹੈ, ਪਰ ਉਹ ਤੀਮੀ ਨਿਰਦੋਸ਼ ਹੈ । ਮੇਰੇ ਦਿਲ ਨੂੰ ਇਹ ਗੱਲ ਦੁਖੀ ਕਰ ਰਹੀ ਹੈ, ਨਿਖਲੀਊਧਵ ਨੇ ਜਦ ਇਹ ਕਹਿਆ ਤਦ ਓਹਨੂੰ ਆਪ ਨੂੰ ਹੈਰਾਨੀ ਜੇਹੀ ਹੋਈ ਕਿ ਇਹ ਗੱਲ ਕਰਦਿਆਂ ਓਹਦਾ ਮੂੰਹ ਸ਼ਰਮ ਨਾਲ ਲਾਲ ਕਿਉਂ ਹੋਇਆ ਤੇ ਗੱਲ ਕਰਨ ਵਿੱਚ ਓਹ ਘਾਬਰ ਕਿਸ ਕਰਕੇ ਗਇਆ ਸੀ। ਫਨਾਰਿਨ ਨੇ ਉਸ ਵਲ ਇਕ ਤੇਜ਼ ਨਿਗਾਹ ਨਾਲ ਤੱਕਿਆ ਤੇ ਫਿਰ ਹੇਠਾਂ ਵਲ ਵੇਖਣ ਲੱਗ ਗਇਆ, ਜਿੰਵੇਂ ਓਹਦੀ ਗੱਲ ਕੰਨ ਲਾ ਕੇ ਸੁਣ ਰਹਿਆ ਹੈ।

੨੫੯